ਲੁਧਿਆਣਾ : 2 ਕੁੜੀਆਂ ''ਤੇ ਤੇਜ਼ਾਬ ਸੁੱਟੇ ਜਾਣ ਦਾ ਹੈਰਾਨ ਕਰਨ ਵਾਲਾ ਖੁਲਾਸਾ

04/30/2019 1:45:48 PM

ਲੁਧਿਆਣਾ (ਰਿਸ਼ੀ) : ਬੀਤੇ ਦਿਨੀਂ ਲੁਧਿਆਣਾ ਦੀਆਂ 2 ਕੁੜੀਆਂ 'ਤੇ ਤੇਜ਼ਾਬ ਸੁੱਟੇ ਜਾਣ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ ਅਤੇ ਇਸ ਸਬੰਧੀ 2 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਪੁਲਸ ਨੇ ਸਿਵਲ ਹਸਪਤਾਲ ਜਾ ਕੇ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਇਲਾਜ ਅਧੀਨ ਦੋਹਾਂ ਕੁੜੀਆਂ ਨੇ ਕੁੱਝ ਦੱਸਣ ਤੋਂ ਸਾਫ ਮਨ੍ਹਾ ਕਰ ਦਿੱਤਾ, ਜਦੋਂ ਪੁਲਸ ਨੇ ਸਾਰਿਆਂ ਦੇ ਮੋਬਾਇਲ ਨੰਬਰਾਂ ਦੀ ਲੋਕੇਸ਼ਨ ਕਢਵਾਈ ਤਾਂ ਝੂਠ ਤੋਂ ਪਰਦਾ ਉੱਠਣ ਲੱਗਾ। ਜਾਂਚ ਵਿਚ ਸਾਹਮਣੇ ਆਇਆ ਕਿ ਦੋਸ਼ੀ ਲੜਕੀ ਨਿਧੀ (19) ਡੇਢ ਸਾਲ ਤੋਂ ਦੀਪਵੰਸ਼ (22) ਨਾਂ ਦੇ ਮੁੰਡੇ ਨਾਲ ਨਾਲ ਲਿਵ-ਇਨ-ਰਿਲੇਸ਼ਨ 'ਚ ਮੁਹੱਲਾ ਸੈਦਾ 'ਚ ਕਿਰਾਏ 'ਤੇ ਰਹਿ ਰਹੀ ਹੈ।

2 ਮਹੀਨੇ ਪਹਿਲਾਂ ਦੀਪਵੰਸ਼ ਦੀ ਕੋਟ ਮੰਗਲ ਸਿੰਘ ਦੀ ਰਹਿਣ ਵਾਲੀ ਪੀੜਤਾ ਨਿਸ਼ਾ ਨਾਲ ਦੋਸਤੀ ਹੋ ਗਈ ਕਿਉਂਕਿ ਦੀਪਵੰਸ਼ ਅਤੇ ਨਿਸ਼ਾ ਦੋਵੇਂ ਆਨਲਾਈਨ ਕੰਪਨੀ ਵਿਚ ਇਕੱਠੇ ਕੰਮ ਕਰਦੇ ਸਨ। ਨਜ਼ਦੀਕੀਆਂ ਵਧਣ 'ਤੇ ਦੋਵੇਂ ਇਕ-ਦੂਜੇ ਨੂੰ ਮਿਲਣ ਲੱਗ ਪਏ। ਲਗਭਗ 1 ਮਹੀਨਾ ਪਹਿਲਾਂ ਦੀਪਵੰਸ਼ ਨਾਲ ਰਿਲੇਸ਼ਨ 'ਚ ਰਹਿਣ ਵਾਲੀ ਨਿਧੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਸ ਨੇ ਪੀੜਤਾ ਨਿਸ਼ਾ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਦੀਪਵੰਸ਼ ਨਾਲ ਵਿਆਹ ਹੋ ਚੁੱਕਾ ਹੈ। ਨਿਧੀ ਨੇ ਨਿਸ਼ਾ ਨੂੰ ਦੀਪਵੰਸ਼ ਤੋਂ ਦੂਰ ਰਹਿਣ ਦੀ ਗੱਲ ਕਹੀ। ਇਸ ਤੋਂ ਬਾਅਦ ਦੀਪਵੰਸ਼ ਨੇ ਪੀੜਤਾ ਨੂੰ ਝੂਠ ਕਹਿ ਦਿੱਤਾ ਕਿ ਨਿਧੀ ਸਿਰਫ ਉਸ ਦੀ ਦੋਸਤ ਹੈ, ਜਿਸ ਤੋਂ ਬਾਅਦ ਦੋਸ਼ੀ ਨਿਧੀ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਨਿਸ਼ਾ ਨੂੰ ਆਪਣੇ ਘਰ ਸੈਂਦਾ ਚੌਕ ਬੁਲਾਇਆ, ਜਿੱਥੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਖੁਦ ਵੀ ਇਸ ਦੌਰਾਨ ਝੁਲਸ ਗਈ, ਜਿਸ ਤੋਂ ਬਾਅਦ ਦੋਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਪਹਿਲਾਂ ਦੋਹਾਂ ਨੇ ਡਰਦੇ ਮਾਰੇ ਪੁਲਸ ਨੂੰ ਕੁਝ ਨਹੀਂ ਦੱਸਿਆ ਪਰ ਬਾਅਦ 'ਚ ਸਾਰੀ ਕਹਾਣੀ ਸਾਫ ਹੋ ਗਈ। ਫਿਲਹਾਲ ਪੁਲਸ ਨੇ ਦੀਪਵੰਸ਼ ਤੇ ਨਿਧੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੀਪਵੰਸ਼ ਫਰਾਰ ਦੱਸਿਆ ਜਾ ਰਿਹਾ ਹੈ।

Babita

This news is Content Editor Babita