ਪੁਲਸ ਮੁਕਾਬਲੇ ਦੌਰਾਨ ਜੰਡਿਆਲਾ ਗੁਰੂ ''ਚੋਂ ਫੜੇ ਗਏ 3 ਮੁਲਜ਼ਮਾਂ ਦਾ ਰਿਮਾਂਡ ਵਧਿਆ

10/10/2019 1:52:52 PM

ਮੋਹਾਲੀ (ਕੁਲਦੀਪ) : ਜ਼ਿਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ 'ਚ ਕੁਝ ਦਿਨ ਪਹਿਲਾਂ ਹੋਏ ਕਥਿਤ ਪੁਲਸ ਮੁਕਾਬਲੇ ਦੌਰਾਨ ਅਸਲੇ ਸਮੇਤ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਕੋਲੋਂ ਪੁਲਸ ਰਿਮਾਂਡ ਦੌਰਾਨ ਭਾਰੀ ਮਾਤਰਾ 'ਚ ਹੈਰੋਇਨ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਰਿਮਾਂਡ ਖਤਮ ਹੋਣ ਉਪਰੰਤ ਉਨ੍ਹਾਂ ਨੂੰ ਫਿਰ ਤੋਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਸ ਦੌਰਾਨ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਪੁਲਸ ਨੇ ਤਿੰਨਾਂ ਮੁਲਜ਼ਮਾਂ ਸੁਖਰਾਜ ਸਿੰਘ ਨਿਵਾਸੀ ਪਿੰਡ ਲਖਨੌਰ ਜ਼ਿਲਾ ਗੁਰਦਾਸਪੁਰ, ਭੁਪਿੰਦਰ ਸਿੰਘ ਉਰਫ ਭਿੰਦਾ ਨਿਵਾਸੀ ਪਿੰਡ ਚੰਦੇਲ (ਅੰਮ੍ਰਿਤਸਰ) ਅਤੇ ਰਾਜਪਾਲ ਸਿੰਘ ਉਰਫ ਰਾਜਾ ਨਿਵਾਸੀ ਪਿੰਡ ਰਸੂਲਪੁਰ ਕਲਾਂ (ਅੰਮ੍ਰਿਤਸਰ) ਦੇ ਪੁਲਸ ਰਿਮਾਂਡ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਰਿਮਾਂਡ ਦੌਰਾਨ 385 ਗ੍ਰਾਮ ਹੈਰੋਇਨ ਅਤੇ 21 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ । ਇਹ ਸਾਮਾਨ ਪੁਲਸ ਨੇ ਮੁਲਜ਼ਮਾਂ ਦੇ ਲੁਧਿਆਣਾ 'ਚ ਰਹਿ ਰਹੇ ਦੋ ਦੋਸਤਾਂ ਦੇ ਕਮਰੇ 'ਚੋਂ ਬਰਾਮਦ ਕੀਤਾ ਹੈ ।

ਸੂਤਰਾਂ ਦੀ ਮੰਨੀਏ ਤਾਂ ਜਦੋਂ ਤਕ ਪੁਲਸ ਲੁਧਿਆਣਾ ਸਥਿਤ ਉਸ ਕਮਰੇ ਵਿਚ ਪਹੁੰਚੀ ਤਾਂ ਦੋਵੇਂ ਨੌਜਵਾਨ ਉੱਥੋਂ ਫਰਾਰ ਹੋ ਚੁੱਕੇ ਸਨ। ਪੁਲਸ ਨੇ ਹੁਣ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਵੀ ਇਸ ਕੇਸ 'ਚ ਨਾਮਜ਼ਦ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਦੇ ਬਾਰੇ 'ਚ ਪਤਾ ਲਾਉਣ ਸਬੰਧੀ ਪੁਲਸ ਨੇ ਅਦਾਲਤ ਤੋਂ ਤਿੰਨਾਂ ਮੁਲਜ਼ਮਾਂ ਨੂੰ ਪੁਲਸ ਰਿਮਾਂਡ ਉੱਤੇ ਲਿਆ ਹੈ ।

Anuradha

This news is Content Editor Anuradha