ਨਾਬਾਲਗ ਬੱਚੇ ਨਾਲ ਬਦਫ਼ੈਲੀ ਕਰਨ ਵਾਲੇ ਨੂੰ 20 ਸਾਲ ਦੀ ਕੈਦ

01/09/2024 11:43:45 AM

ਚੰਡੀਗੜ੍ਹ (ਸੁਸ਼ੀਲ) : ਨਾਬਾਲਗ ਬੱਚੇ ਨਾਲ ਬਦਫ਼ੈਲੀ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਮਨੀਮਾਜਰਾ ਦੇ ਰਹਿਣ ਵਾਲੇ ਸੰਜੂ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ’ਤੇ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਮੈਡੀਕਲ ਸਬੂਤ ਅਤੇ ਗਵਾਹੀ ਮਜ਼ਬੂਤ ਹੋਣ ਕਾਰਨ ਜ਼ਿਲ੍ਹਾ ਅਦਾਲਤ ਨੇ ਸੰਜੂ ਨੂੰ ਸ਼ਨੀਵਾਰ ਬਦਫੈਲੀ, ਜਾਨੋਂ ਮਾਰਨ ਦੀ ਧਮਕੀ ਅਤੇ ਪੋਕਸੋ ਐਕਟ ਦੀ ਧਾਰਾ-6 ਤਹਿਤ ਮੁਲਜ਼ਮ ਠਹਿਰਾਇਆ ਸੀ।

ਸ਼ਿਕਾਇਤਕਰਤਾ ਨੇ ਮਨੀਮਾਜਰਾ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ 14 ਸਾਲਾ ਪੁੱਤਰ ਘਰ ਦੇ ਬਾਹਰ ਪਾਰਕ ਵਿਚ ਖੇਡ ਰਿਹਾ ਸੀ। ਇਸ ਦੌਰਾਨ ਨੌਜਵਾਨ ਆਇਆ ਅਤੇ ਪੁੱਤਰ ਨੂੰ ਵਰਗਲਾ ਕੇ ਆਪਣੇ ਨਾਲ ਕਮਰੇ ਵਿਚ ਲੈ ਗਿਆ। ਜਦੋਂ ਬੱਚੇ ਨੇ ਬਦਫ਼ੈਲੀ ਦਾ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਦੇ ਢਿੱਡ ਵਿਚ ਲੱਤ ਮਾਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਢਿੱਡ ਵਿਚ ਦਰਦ ਹੋਣ ਕਾਰਨ ਬੱਚੇ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖ਼ਲ ਕਰਵਾਇਆ ਗਿਆ ਸੀ।

ਮੁਲਜ਼ਮ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਕਾਰਨ ਬੱਚੇ ਨੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ। ਬੱਚੇ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਸੰਜੇ ਨੇ ਉਸ ਦੇ ਪੁੱਤਰ ਨਾਲ ਕਈ ਵਾਰ ਬਦਫ਼ੈਲੀ ਕੀਤੀ ਸੀ। 2 ਮਹੀਨੇ ਬਾਅਦ ਬੱਚੇ ਨੇ ਸੰਜੂ ਤੋਂ ਤੰਗ ਆ ਕੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਜੂਨ 2022 ਨੂੰ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਸੰਜੂ ਵਾਸੀ ਮਨੀਮਾਜਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

Babita

This news is Content Editor Babita