ਧਮਕੀ ਭਰੇ ਪੱਤਰ ਲਿਖ ਕੇ ਫਿਰੌਤੀ ਵਸੂਲਣ ਵਾਲੇ 4 ਗ੍ਰਿਫਤਾਰ, 3 ਪਿਸਤੌਲ ਤੇ ਕਾਰਤੂਸ ਬਰਾਮਦ

09/22/2017 10:39:10 AM

ਬਠਿੰਡਾ (ਸੁਖਵਿੰਦਰ)-ਸੀ. ਆਈ. ਏ. ਸਟਾਫ ਨੇ ਧਮਕੀ ਭਰੇ ਪੱਤਰ ਲਿਖ ਕੇ ਫਿਰੌਤੀ ਵਸੂਲਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਮੁਲਜ਼ਮ ਕਾਬੂ ਨਹੀਂ ਆ ਸਕਿਆ। ਪੁਲਸ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ 3 ਪਿਸਤੌਲ, 11 ਕਾਰਤੂਸ, 1 ਲੱਖ ਰੁਪਏ ਦੀ ਨਕਦੀ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। 
ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਮੁਖੀ ਰਾਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਗੋਰਾ ਸਿੰਘ, ਸਤਨਾਮ ਸਿੰਘ, ਪ੍ਰਗਟ ਸਿੰਘ, ਕਰਤਾਰ ਸਿੰਘ ਤੇ ਹਰਮਨ ਸਿੰਘ ਵਾਸੀ ਭੋਡੀਪੁਰਾ ਨੇ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਹੈ। ਉਕਤ ਮੁਲਜ਼ਮ ਜ਼ਿਲੇ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਦੇ ਘਰਾਂ ਵਿਚ ਧਮਕੀ ਭਰੇ ਪੱਤਰ ਸੁੱਟਦੇ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਕ ਦੁਕਾਨਦਾਰ ਰਾਮ ਕੁਮਾਰ ਨੂੰ ਧਮਕਾ ਕੇ ਉਸ ਕੋਲੋਂ 2 ਲੱਖ ਦੀ ਫਿਰੌਤੀ ਵਸੂਲ ਕੀਤੀ ਸੀ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਉਕਤ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਮੁਲਜ਼ਮ ਕਰਤਾਰ ਸਿੰਘ ਤਾਰਾ ਪੁਲਸ ਦੇ ਹੱਥ ਨਹੀਂ ਆ ਸਕਿਆ। 
ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 1 ਰਿਵਾਲਵਰ 32 ਬੋਰ ਤੇ 4 ਕਾਰਤੂਸ, 1 ਦੇਸੀ ਪਿਸਤੌਲ ਤੇ 4 ਕਾਰਤੂਸ, 1 ਪਿਸਤੌਲ 32 ਬੋਰ ਤੇ 3 ਕਾਰਤੂਸ, 1 ਲੱਖ ਰੁਪਏ ਦੀ ਨਕਦੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਵਿਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।