ਕਾਂਗਰਸੀ ਆਗੂਆਂ ''ਤੇ ਦੁਕਾਨ ਢਾਹੁਣ ਅਤੇ ਪਲਾਟ ''ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼

08/20/2017 6:38:39 AM

ਭਿੰਡੀ ਸੈਦਾਂ,   (ਗੁਰਜੰਟ)-  ਨਜ਼ਦੀਕੀ ਸਰਹੱਦੀ ਪਿੰਡ ਡੱਡਤੂਤ ਦੇ ਰਹਿਣ ਵਾਲੇ ਸਾਬਕਾ ਫੌਜੀ ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਨੇ ਆਪਣੇ ਹੀ ਪਿੰਡ ਦੇ ਕਾਂਗਰਸੀ ਆਗੂਆਂ 'ਤੇ ਉਨ੍ਹਾਂ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਾਉਂਦਿਆਂ ਦੱਸਿਆ ਕਿ 1985 ਵਿਚ ਉਨ੍ਹਾਂ ਆਪਣੇ ਘਰ ਦੇ ਨਜ਼ਦੀਕ 6 ਮਰਲੇ ਦਾ ਪਲਾਟ ਗੁਰਮੀਤ ਸਿੰਘ ਪੁੱਤਰ ਸੰਤਾ ਸਿੰਘ ਪਾਸੋਂ ਖਰੀਦਿਆ, ਜਿਸ ਦਾ ਪਰਨੋਟ ਵੀ ਲਿਖਿਆ ਹੋਇਆ ਹੈ। ਗੁਰਮੀਤ ਸਿੰਘ ਤੋਂ ਕਬਜ਼ਾ ਲੈ ਕੇ ਉਸ ਪਲਾਟ ਵਿਚ ਇਕ ਦੁਕਾਨ ਬਣਾਈ ਗਈ, ਜਿਸ ਵਿਚ ਮੋਟਰ ਮਕੈਨਿਕ ਪਿਛਲੇ ਕਾਫੀ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ। ਜਗ੍ਹਾ ਮੇਨ ਰੋਡ ਨਾਲ ਲੱਗਦੀ ਹੋਣ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਹੀ ਪਿੰਡ ਦੇ ਕਾਂਗਰਸੀ ਆਗੂ ਅਰਜਨ ਸਿੰਘ ਤੇ ਲਛਮਣ ਸਿੰਘ ਵੱਲੋਂ ਸੱਤਾ ਦੇ ਜ਼ੋਰ 'ਤੇ ਉਸ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੌਰਾਨ ਬੀਤੀ ਰਾਤ 11 ਵਜੇ ਦੇ ਕਰੀਬ ਅਰਜਨ ਸਿੰਘ, ਲਛਮਣ ਸਿੰਘ, ਲਾਭ ਸਿੰਘ, ਸਾਬ੍ਹ ਸਿੰਘ, ਲਾਡਾ ਸਿੰਘ ਆਦਿ 15-20 ਅਣਪਛਾਤੇ ਬੰਦਿਆਂ ਨੂੰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਲੈ ਕੇ ਆਏ ਅਤੇ ਜਗ੍ਹਾ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦੁਕਾਨ ਢਾਹੀ ਅਤੇ ਪਲਾਟ 'ਚ ਲੱਗਾ ਨਲਕਾ ਵੀ ਪੁੱਟ ਕੇ ਲਲਕਾਰੇ ਮਾਰਦੇ ਹੋਏ ਚਲੇ ਗਏ। ਇਸ ਸਬੰਧੀ ਉਨ੍ਹਾਂ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਦਰਖਾਸਤ ਦਿੱਤੀ ਅਤੇ ਪੁਲਸ ਆ ਕੇ ਮੌਕਾ ਵੀ ਵੇਖ ਚੁੱਕੀ ਹੈ। ਦੂਜੀ ਧਿਰ ਦੇ ਲਛਮਣ ਸਿੰਘ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਪਲਾਟ ਉਨ੍ਹਾਂ ਅਰਜਨ ਸਿੰਘ ਨਾਲ ਰਲ ਕੇ ਮੁੱਲ ਲਿਆ ਹੈ, ਬਾਕੀ ਇਸ ਸਬੰਧੀ ਅਰਜਨ ਸਿੰਘ ਨਾਲ ਗੱਲ ਕਰੋ ਪਰ ਅਰਜਨ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਝਿਰਮਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਦਾ ਟਾਈਮ ਦਿੱਤਾ ਗਿਆ ਹੈ, ਤਫਤੀਸ਼ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।