ਕੋਟਕਪੂਰਾ ''ਚ ਦਿਲ ਕੰਬਾਅ ਦੇਣ ਵਾਲਾ ਹਾਦਸਾ, ਸੜਕ ''ਤੇ ਪਾਣੀ ਵਾਂਗ ਖਿੱਲਰਿਆ ਵਿਦਿਆਰਥੀਆਂ ਦਾ ਖੂਨ (ਤਸਵੀਰਾਂ)

04/19/2017 7:28:20 PM

ਕੋਟਕਪੂਰਾ (ਨਰਿੰਦਰ ਬੈੜ) : ਬੁੱਧਵਾਰ ਦੁਪਹਿਰੇ ਇੱਥੇ ਮੋਗਾ ਰੋਡ ''ਤੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਸਕੂਲ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਿਆ। ਇਹ ਤਿੰਨੇ ਵਿਦਿਆਰਥੀ ਸਕੂਲ ''ਚ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ''ਤੇ ਘਰ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਇੰਸਪੈਕਟਰ ਪਰਮਜੀਤ ਸਿੰਘ, ਏ.ਐਸ.ਆਈ.ਜਸਕਰਨ ਸਿੰਘ ਸੇਖੋਂ ਅਤੇ ਹੌਲਦਾਰ ਚਮਕੌਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ''ਤੇ ਪੁੱਜੇ ਅਤੇ ਹਾਦਸੇ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸੜਕ ਹਾਦਸੇ ਦੀ ਇਹ ਦਰਦਨਾਕ ਘਟਨਾ ਨੇੜੇ ਹੀ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਬਾਰਵੀਂ ਕਲਾਸ ਦੇ ਵਿਦਿਆਰਥੀ ਸਿਮਰਨਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ, ਅਸ਼ੀਸ਼ ਜਿੰਦਲ ਪੁੱਤਰ ਪਵਨ ਜਿੰਦਲ ਵਾਸੀ ਜੈਤੋ ਰੋਡ ਕੋਟਕਪੂਰਾ ਅਤੇ ਕਮਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਸਕੂਲ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ''ਤੇ ਘਰ ਵਾਪਸ ਜਾ ਰਹੇ ਸਨ ਕਿ ਇਸ ਦੌਰਾਨ ਜਦ ਉਹ ਮੋਗਾ ਰੋਡ ''ਤੇ ਜੋਤੀ ਮਾਡਲ ਸਕੂਲ ਵਾਲੀ ਗਲੀ ਦੇ ਮੋੜ ਨੇੜੇ ਪੁੱਜੇ ਤਾਂ ਇਕ ਕਾਰ ਚਾਲਕ ਨੇ ਅਚਾਨਕ ਕਾਰ ਦੀ ਬਾਰੀ ਖੋਲ੍ਹ ਦਿੱਤੀ। ਇਸ ਦੌਰਾਨ ਮੋਟਰਸਾਈਕਲ ਕਾਰ ਦੀ ਬਾਰੀ ਨਾਲ ਟਕਰਾਉਣ ਤੋਂ ਬਾਅਦ ਉੱਥੋਂ ਲੰਘ ਰਹੇ ਇਕ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਇਆ ਅਤੇ ਤਿੰਨੇ ਵਿਦਿਆਰਥੀ ਸੜਕ ''ਤੇ ਡਿੱਗ ਪਏ। ਜ਼ਖਮੀ ਹੋਏ ਵਿਦਿਆਰਥੀਆਂ ਨੂੰ ਪੁਲਸ ਵੱਲੋਂ ਲੋਕਾਂ ਦੀ ਮਦਦ ਨਾਲ ਫਰੀਦਕੋਟ ਲਿਜਾਇਆ ਗਿਆ।
ਇਸ ਹਾਦਸੇ ਕਾਰਨ ਸਿਮਰਪ੍ਰੀਤ ਸਿੰਘ (17) ਅਤੇ ਅਸ਼ੀਸ਼ ਸਿੰਘ (17) ਦੀ ਮੌਤ ਹੋ ਗਈ ਜਦਕਿ ਕਮਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਜੋ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਹੈ। ਇਸ ਸੰਬੰਧ ਵਿਚ ਤਫਤੀਸ਼ੀ ਅਧਿਕਾਰੀ ਏ.ਐਸ.ਆਈ. ਜਸਕਰਨ ਸਿੰਘ ਸੇਖੋਂ ਅਤੇ ਹੌਲਦਾਰ ਚਮਕੋਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਗੋਪਾਲ ਕ੍ਰਿਸ਼ਨ ਪੁੱਤਰ ਦੀਨ ਦਿਆਲ ਵਾਸੀ ਕੋਟਕਪੂਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰ ਨੂੰ ਵੀ ਕਬਜ਼ੇ ''ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਸਿਮਰਨਪ੍ਰੀਤ ਸਿੰਘ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨ ''ਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Gurminder Singh

This news is Content Editor Gurminder Singh