ਕੋਟਕਪੂਰਾ ਨੇੜੇ ਵੱਡਾ ਹਾਦਸਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ, ਦੇਖੋ ਭਿਆਨਕ ਤਸਵੀਰਾਂ

09/25/2016 1:04:06 PM

ਕੋਟਕਪੂਰਾ (ਨਰਿੰਦਰ ਬੈੜ) : ਸ਼ਨੀਵਾਰ ਸਵੇਰੇ ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ''ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਇੱਕੋ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦਾ ਇਕ ਹੋਰ ਮੈਂਬਰ ਗੰਭੀਰ ਰੂਪ ''ਚ ਜ਼ਖਮੀ ਹੋ ਗਿਆ। ਇਹ ਹਾਦਸਾ ਕਾਰ ਚਾਲਕ ਵੱਲੋਂ ਸੜਕ ਕਿਨਾਰੇ ਪਏ ਟੁੱਟੇ ਹੋਏ ਇਕ ਦਰਖਤ ਤੋਂ ਕਾਰ ਨੂੰ ਬਚਾਉਂਦੇ ਸਮੇਂ ਕਾਰ ਦਾ ਸੰਤੁਲਣ ਗਵਾ ਬੈਠਣ ਕਾਰਨ ਵਾਪਰਿਆ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾਅ ਗਈ ਅਤੇ ਇਹ ਨਾਲ ਲੱਗਦੇ ਖੇਤਾਂ ਵਿਚ ਪਲਟ ਗਈ। ਹਾਦਸੇ ''ਚ ਕਾਰ ਸਵਾਰਾਂ ਵਿਚੋਂ ਪੰਜ ਦੀ ਮੌਕੇ ''ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਪਿੰਡ ਰੌੜਾਂ ਵਾਲੀ ਨਿਵਾਸੀ ਗੁਰਦਿਆਲ ਸਿੰਘ ਆਪਣੀ ਪਤਨੀ ਬਿਮਲਾ ਰਾਣੀ, ਬੇਟੇ ਹਰਜਿੰਦਰ ਸਿੰਘ ਅਤੇ ਰਮੇਸ਼ ਕੁਮਾਰ, ਬੇਟੀ ਸੁਨੀਤਾ ਅਤੇ ਦੋਹਤੀ ਆਰਤੀ ਨਾਲ ਸਵਿਫਟ ਡਿਜ਼ਾਇਰ ਕਾਰ ''ਚ ਸਵਾਰ ਹੋ ਕੇ ਘਰੇਲੂ ਕੰਮਕਾਜ ਲਈ ਫਰੀਦਕੋਟ ਵੱਲ ਨੂੰ ਆ ਰਹੇ ਸੀ। ਇਸ ਦੌਰਾਨ ਜਦ ਉਹ ਸ੍ਰੀ ਮੁਕਤਸਰ ਸਾਹਿਬ ਰੋਡ ''ਤੇ ਸ਼ਹਿਰ ਦੇ ਬਾਹਰਵਾਰ ਪੁੱਜੇ ਤਾਂ ਪੈਟਰੋਲ ਪੰਪ ਦੇ ਸਾਹਮਣੇ ਸੜਕ ਕਿਨਾਰੇ ਇਕ ਦਰਖਤ ਡਿੱਗਿਆ ਪਿਆ ਸੀ। ਕਾਰ ਦੇ ਨੇੜੇ ਪਹੁੰਚਣ ''ਤੇ ਕਾਰ ਚਲਾ ਰਹੇ ਹਰਜਿੰਦਰ ਸਿੰਘ ਨੇ ਕਾਰ ਨੂੰ ਦਰਖਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਚਲਦਿਆਂ ਉਸ ਨੇ ਕਾਰ ਦਾ ਸੰਤੁਲਣ ਗਵਾ ਦਿੱਤਾ ਅਤੇ ਕੁਝ ਕੁ ਦੂਰੀ ਅੱਗੇ ਆ ਕੇ ਉਨ੍ਹਾਂ ਦੀ ਕਾਰ ਸੜਕ ਦਰਖਤ ਨਾਲ ਬੁਰੀ ਤਰ੍ਹਾਂ ਟਕਰਾਉਂਦੀ ਹੋਈ ਖੇਤਾਂ ਵਿਚ ਪਲਟ ਗਈ ਅਤੇ ਕਾਰ ਸਵਾਰ ਸਾਰੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਕਾਰ ਵਿਚ ਫਸ ਗਏ। 
ਇਸ ਦੌਰਾਨ ਮੌਕੇ ''ਤੇ ਪੁੱਜੇ ਐਸ.ਐਚ.ਓ ਸਿਟੀ ਕੋਟਕਪੂਰਾ ਜਗਦੇਵ ਸਿੰਘ ਅਤੇ ਐਸ.ਐਚ.ਓ. ਸਦਰ ਗੁਰਵਿੰਦਰ ਸਿੰਘ ਭੁੱਲਰ ਨੇ ਪੁਲਸ ਮੁਲਾਜਮਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਕਾਰ ''ਚ ਫਸੇ ਪਰਿਵਾਰ ਨੂੰ ਭਾਰੀ ਜਦੋ-ਜਹਿਦ ਤੋਂ ਬਆਦ ਬਾਹਰ ਕੱਢਿਆ। ਗੰਭੀਰ ਸੱਟਾਂ ਕਾਰਨ ਇਨ੍ਹਾਂ ਵਿਚੋ ਗੁਰਦਿਆਲ ਸਿੰਘ, ਉਸ ਦੀ ਪਤਨੀ ਬਿਮਲਾ ਰਾਣੀ, ਬੇਟੇ ਹਰਜਿੰਦਰ ਸਿੰਘ ਅਤੇ ਰਮੇਸ਼ ਕੁਮਾਰ ਸਮੇਤ ਦੋਹਤੀ ਆਰਤੀ ਦੀ ਮੌਕੇ ''ਤੇ ਹੀ ਮੌਤ ਹੋ ਗਈ ਜਦਕਿ ਸੁਨੀਤਾ ਰਾਣੀ ਦੇ ਗੰਭੀਰ ਸੱਟਾਂ ਹੋਣ ਕਾਰਨ ਉਸ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਾਰਵਾਇਆ ਗਿਆ।

Gurminder Singh

This news is Content Editor Gurminder Singh