ਜਲੰਧਰ ’ਚ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਤੋਂ ਪਰਤੀ ਨਵ-ਵਿਆਹੁਤਾ ਦੀ ਮੌਤ (ਤਸਵੀਰਾਂ)

09/10/2021 10:37:54 PM

ਜਲੰਧਰ (ਵਰੁਣ) : ਮਕਸੂਦਾਂ ਮੰਡੀ ਨੇੜੇ ਇਕ ਕੈਂਟਰ ਨੇ ਐਕਟਿਵਾ ’ਤੇ ਸਵਾਰ ਹੋ ਕੇ ਨੇਲ ਆਰਟ ਦੀ ਕਲਾਸ ਲਾਉਣ ਜਾ ਰਹੀ ਨਵ-ਵਿਆਹੁਤਾ ਨੂੰ ਦਰੜ ਦਿੱਤਾ। ਹਾਦਸੇ ਵਿਚ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ, ਜਦਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਜਗ੍ਹਾ ਹਾਦਸਾ ਵਾਪਰਿਆ, ਉਸ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਟਰੈਫਿਕ ਪੁਲਸ ਦਾ ਨਾਕਾ ਲੱਗਦਾ ਹੈ ਪਰ 11 ਵਜੇ ਨੋ ਐਂਟਰੀ ਵਿਚ ਦਾਖ਼ਲ ਹੋਏ ਕੈਂਟਰ ਵੱਲੋਂ ਕੀਤੇ ਇਸ ਹਾਦਸੇ ਨੇ ਟਰੈਫਿਕ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਹਾਦਸੇ ਵਿਚ ਦਮ ਤੋੜਨ ਵਾਲੀ ਨਵ-ਵਿਆਹੁਤਾ ਦੀ ਪਛਾਣ 27 ਸਾਲਾ ਤੇਜਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਨਿਵਾਸੀ ਪਿੰਡ ਲਿੱਧੜਾਂ ਵਜੋਂ ਹੋਈ ਹੈ। ਤੇਜਿੰਦਰ ਦਾ ਪਤੀ ਕੈਨੇਡਾ ਵਿਚ ਡਰਾਈਵਰੀ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਤੇਜਿੰਦਰ ਦਾ ਵਿਆਹ ਹੋਇਆ ਸੀ, ਜਦੋਂ ਕਿ ਕੁਝ ਸਮਾਂ ਉਹ ਵੀ ਵਿਦੇਸ਼ ਵਿਚ ਰਹਿ ਕੇ ਆਈ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਕੁੱਝ ਮਹੀਨੇ ਬਾਅਦ ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਨੇ ਕਿਹਾ ਧੀ ਦਾ ਹੋਇਆ ਕਤਲ

ਤੇਜਿੰਦਰ ਮਾਡਲ ਟਾਊਨ ਸਥਿਤ ਨੇਹਾਜ਼ ਸੈਲੂਨ ਤੋਂ ਨੇਲ ਆਰਟ ਦਾ ਕੋਰਸ ਕਰ ਰਹੀ ਸੀ। ਕੋਰਸ ਪੂਰਾ ਹੋਣ ਤੋਂ ਬਾਅਦ ਉਸਨੇ ਵੀ ਪਤੀ ਕੋਲ ਜਾਣਾ ਸੀ। ਰੋਜ਼ਾਨਾ ਵਾਂਗ ਵੀਰਵਾਰ ਸਵੇਰੇ 11 ਵਜੇ ਤੇਜਿੰਦਰ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਸੈਲੂਨ ਲਈ ਨਿਕਲੀ ਸੀ। ਜਿਉਂ ਹੀ ਉਹ ਜਿੰਦਾ ਫਾਟਕ ਨੇੜੇ ਪੁੱਜੀ ਤਾਂ ਬਾਰਿਸ਼ ਹੋਣ ਕਾਰਨ ਉਹ ਆਪਣੇ ਪੇਕੇ ਘਰ ਰੁਕ ਗਈ। ਉਥੋਂ ਉਹ 11.15 ਵਜੇ ਸੈਲੂਨ ਲਈ ਨਿਕਲੀ ਅਤੇ ਜਿਉਂ ਹੀ ਉਹ ਮਕਸੂਦਾਂ ਮੰਡੀ ਕੋਲ ਗੰਦੇ ਨਾਲੇ ਨੇੜੇ ਪੁੱਜੀ ਤਾਂ ਇਕ ਕੈਂਟਰ ਨੇ ਉਸਨੂੰ ਟੱਕਰ ਮਾਰ ਦਿੱਤੀ। ਕੈਂਟਰ ਦਾ ਟਾਇਰ ਤੇਜਿੰਦਰ ਉਪਰੋਂ ਲੰਘਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਉਥੋਂ ਫ਼ਰਾਰ ਹੋ ਗਿਆ ਪਰ ਪੁਲਸ ਮੁਲਾਜ਼ਮਾਂ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਦਾਣਾ ਮੰਡੀ ਵਿਚੋਂ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਛਾਪਾ, ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਇਤਰਾਜ਼ਯੋਗ ਹਾਲਤ ’ਚ ਫੜੇ

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਅਤੇ ਸਬ-ਇੰਸਪੈਕਟਰ ਨਰਿੰਦਰ ਮੋਹਨ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਹਾਦਸੇ ਦੀ ਜਾਣਕਾਰੀ ਤੇਜਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਉਣ ਲਈ ਪੁਲਸ ਨੂੰ 30 ਮਿੰਟ ਤੱਕ ਐਂਬੂਲੈਂਸ ਦੀ ਉਡੀਕ ਕਰਨੀ ਪਈ ਪਰ ਬਾਅਦ ਵਿਚ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਆਪਣੀ ਗੱਡੀ ਵਿਚ ਲਾਸ਼ ਰੱਖ ਕੇ ਸਿਵਲ ਹਸਪਤਾਲ ਦੀ ਮੋਰਚਰੀ ਤੱਕ ਲੈ ਕੇ ਗਏ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵੱਡੇ ਅਤੇ ਹੁਣ ਛੋਟੇ ਪੁੱਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਧਾਹਾਂ ਮਾਰ ਰੋਈ ਮਾਂ

ਹਾਦਸੇ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਤੇਜਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁਲਸ ਨੇ ਕੈਂਟਰ ਦੇ ਚਾਲਕ ਪ੍ਰਿਥਵੀਪਾਲ ਸਿੰਘ ਨਿਵਾਸੀ ਸੰਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਪੁਲਸ ਨੇ ਉਸਦਾ ਮੈਡੀਕਲ ਵੀ ਕਰਵਾਇਆ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨਸ਼ਾ ਕਰਨ ਵਾਲੀ ਗੱਲ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ : ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh