ਲਿੰਕ ਸੜਕ ''ਤੇ ਪਿਆ ਟੋਇਆ ਬਣ ਸਕਦੈ ਹਾਦਸੇ ਦਾ ਕਾਰਨ

02/11/2018 1:34:40 AM

ਕਾਠਗੜ੍ਹ, (ਰਾਜੇਸ਼)- ਪਿੰਡ ਮਜਾਰਾ ਜੱਟਾਂ ਤੋਂ ਪਨਿਆਲੀ ਕਲਾਂ ਲਿੰਕ ਸੜਕ 'ਤੇ ਪਿਆ ਟੋਇਆ ਕਦੇ ਵੀ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜਾਣਕਾਰੀ ਅਨੁਸਾਰ ਉਕਤ ਲਿੰਕ ਸੜਕ 'ਤੇ ਸਰਕਾਰੀ ਟਿਊਬਵੈੱਲ ਦੇ ਨਜ਼ਦੀਕ ਕਿਸੇ ਕਿਸਾਨ ਨੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦੀ ਮੁਰੰਮਤ ਲਈ ਟੋਇਆ ਪੁੱਟਿਆ ਸੀ, ਜਿਸ ਨੂੰ ਪਹਿਲਾਂ ਤਾਂ ਬਿਨਾਂ ਮਿੱਟੀ ਪਾਏ ਹੀ ਛੱਡੀ ਰੱਖਿਆ ਤੇ ਬਾਅਦ 'ਚ ਕਿਸੇ ਟਰੈਕਟਰ-ਟਰਾਲੀ ਦੇ ਚਾਲਕ ਨੇ ਟੋਏ 'ਚ ਮਿੱਟੀ ਸੁੱਟ ਦਿੱਤੀ ਸੀ ਪਰ ਉਸ ਨੂੰ ਚੰਗੀ ਤਰ੍ਹਾਂ ਪੱਧਰਾ ਆਦਿ ਨਹੀਂ ਕੀਤਾ। ਖੇਤਾਂ ਤੇ ਮੀਂਹ ਦੇ ਪਾਣੀ ਕਾਰਨ ਉਕਤ ਥਾਂ 'ਤੇ ਮਿੱਟੀ ਦਬ ਗਈ ਅਤੇ ਮੁੜ ਤੋਂ ਟੋਇਆ ਬਣ ਗਿਆ, ਜਿਥੋਂ ਵਾਹਨ ਚਾਲਕ ਲੰਘਣ ਸਮੇਂ ਹਾਦਸੇ ਤੋਂ ਡਰਦੇ ਰਹਿੰਦੇ ਹਨ ਜਦੋਂਕਿ ਦੋ-ਪਹੀਆ ਵਾਹਨ ਚਾਲਕ ਸੱਟਾਂ ਵੀ ਲੁਆ ਰਹੇ ਹਨ ਕਿਉਂਕਿ ਇਸ ਦਾ ਦੂਰੋਂ ਪਤਾ ਨਹੀਂ ਲੱਗਦਾ ਤੇ ਜਦੋਂ ਕੋਲ ਆਉਂਦੇ ਹਨ ਤਾਂ ਇਕਦਮ ਚਾਲਕਾਂ ਦੇ ਵਾਹਨ ਟੋਏ 'ਚ ਡਿੱਗ ਜਾਂਦੇ ਹਨ। ਲੋਕਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਉਕਤ ਟੋਏ ਨੂੰ ਸਹੀ ਕਰਵਾਇਆ ਜਾਵੇ ਤਾਂ ਜੋ ਲੋਕਾਂ ਨਾਲ ਕੋਈ ਹਾਦਸਾ ਨਾ ਵਾਪਰੇ।