ਇਕ ਹਾਦਸੇ ਨੇ ਵਿਖਾਇਆ ਰਿਸ਼ਤਿਆਂ ਦਾ ਅਸਲ ਰੰਗ, ਝਿੰਜੋੜ ਦੇਵੇਗੀ ਇਹ ਵੀਡੀਓ

11/20/2019 6:40:07 PM

ਰੋਪੜ (ਸੱਜਣ ਸੈਣੀ)— ਅੱਜ ਦੇ ਪਦਾਰਥਵਾਦੀ ਯੁੱਗ 'ਚ ਇਨਸਾਨ ਇਸ ਕਦਰ ਸਵਾਰਥੀ ਹੋ ਚੁੱਕਾ ਹੈ ਕਿ ਨਾ ਤਾਂ ਇਸ ਨੂੰ ਰਿਸ਼ਤਿਆਂ ਦੀ ਕਦਰ ਹੈ ਅਤੇ ਨਾ ਹੀ ਰਿਸ਼ਤਿਆਂ ਨੂੰ ਨਿਭਾਉਣ ਦੀ ਕੋਈ ਚਾਹਤ। ਆਲਮ ਇਹ ਹੈ ਕਿ 7 ਜਨਮਾਂ ਤੱਕ ਸਾਥ ਦੇਣ ਦੀਆਂ ਸਹੁੰਆਂ ਵਾਲਾ ਜੀਵਨਸਾਥੀ ਵੀ ਪੀੜ ਪਈ 'ਤੇ ਪਾਸਾ ਵੱਟ ਕੇ ਲੰਘ ਜਾਂਦਾ ਹੈ। ਇਸ ਦੀ ਤਾਜ਼ਾ ਉਦਾਹਰਣ ਰੋਪੜ ਵਿਖੇ ਦੇਖਣ ਨੂੰ ਮਿਲੀ, ਜਿੱਥੇ ਮੰਜੇ 'ਤੇ ਪਏ ਇਕ ਸ਼ਖਸ ਨੂੰ ਔਖੇ ਵੇਲੇ 'ਚ ਸਾਥ ਦੇਣ ਦੀ ਬਜਾਏ ਉਸ ਦੀ ਪਤਨੀ ਬੱਚਿਆਂ ਸਮੇਤ ਉਸ ਦਾ ਸਾਥ ਛੱਡ ਕੇ ਚਲੀ ਗਈ।

 
58 ਸਾਲਾ ਗੁਰਮੀਤ ਸਿੰਘ 2005 'ਚ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਮੰਜੇ 'ਤੇ ਪੈ ਗਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਸਾਥ ਦੇਣ ਦੀ ਬਜਾਏ ਪਤਨੀ 2008 'ਚ ਦੋਵਾਂ ਪੁੱਤਰਾਂ ਨੂੰ ਨਾਲ ਲੈ ਕਿਸੇ ਹੋਰ ਵਿਅਕਤੀ ਨਾਲ ਚਲੀ ਗਈ ਅਤੇ ਪਿੱਛੇ ਪਰਤ ਕੇ ਨਹੀਂ ਵੇਖਿਆ। ਜੇਕਰ ਇਸ ਔਖੇ ਵੇਲੇ 'ਚ ਕਿਸੇ ਨੇ ਉਸ ਦਾ ਸਾਥ ਦਿੱਤਾ ਤਾਂ ਸਿਰਫ ਉਹ ਉਸ ਦੀ ਮਾਂ ਸੀ। 80 ਸਾਲਾ ਮਾਂ ਉਸ ਦੀ ਦੇਖਭਾਲ ਕਰ ਰਹੀ ਹੈ। 


ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਰਿਸ਼ਤੇਦਾਰ ਪਹਿਲਾਂ ਉਨ੍ਹਾਂ ਦੀ ਮਾਲੀ ਮਦਦ ਕਰ ਦਿੰਦੇ ਸਨ ਪਰ ਹੁਣ ਕੋਈ ਨਹੀਂ ਆਉਂਦਾ। ਸਰਕਾਰ ਵੱਲੋਂ ਦਿੱਤੀ ਗਈ ਵ੍ਹੀਲ ਚੇਅਰ ਵੀ ਟੁੱਟ ਗਈ ਹੈ। ਉਸ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਮੰਗ ਕੀਤੀ ਹੈ। 


80 ਸਾਲ ਦੀ ਉਮਰ 'ਚ ਪੁੱਤ ਨੂੰ ਬੱਚਿਆਂ ਵਾਂਗ ਸਾਂਭ ਰਹੀ ਮਾਂ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪੁੱਤ ਨੂੰ ਪਿਸ਼ਾਬਤੱਕ ਉਹ ਆਪ ਕਰਵਾਉਂਦੀ ਹੈ। ਮਾਲੀ ਹਾਲਤ ਦੱਸਦੇ ਹੋਏ ਮਾਂ ਨੇ ਕਿਹਾ ਕਿ ਦੋਵਾਂ ਨੂੰ ਕੁੱਲ ਮਿਲਾ ਕੇ 1500 ਰੁਪਏ ਪੈਨਸ਼ਨ ਮਿਲਦੀ ਹੈ ਜਦਕਿ ਦਵਾਈਆਂ ਹੀ ਹਜ਼ਾਰਾਂ ਰੁਪਏ ਦੀਆਂ ਆਉਂਦੀਆਂ ਹਨ। ਬਜ਼ੁਰਗ ਮਾਂ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਨ੍ਹਾਂ ਦਾ ਗੁਜ਼ਾਰਾ ਚੱਲ ਸਕੇ। 


ਇਹ ਵਿਅਕਤੀ ਜਿੱਥੇ ਅਜੋਕੇ ਯੁੱਗ 'ਚ ਦਮ ਤੋੜਦੇ ਜਾ ਰਹੇ ਰਿਸ਼ਤਿਆਂ ਦੀ ਮੂੰਹ ਬੋਲਦੀ ਤਸਵੀਰ ਹੈ, ਉਥੇ ਹੀ ਸਮਾਜ ਲਈ ਇਕ ਵੱਡਾ ਸਵਾਲ ਵੀ ਹੈ ਕਿ ਰਿਸ਼ਤੇ ਸਿਰਫ ਸੁੱਖ ਵੇਲੇ ਦੇ ਹੁੰਦੇ ਨੇ? ਕੀ ਰਿਸ਼ਤਿਆਂ ਦੀ ਪਰੀਭਾਸ਼ਾ ਸਿਰਫ ਸੁੱਖ ਵੇਲੇ ਦਾ ਸਾਥ ਹੈ?

shivani attri

This news is Content Editor shivani attri