ਏ. ਸੀ. ਪੀ. ਦੇ ਗੰਨਮੈਨ ਦੀ ਸਡ਼ਕ ਹਾਦਸੇ ’ਚ ਮੌਤ

07/17/2018 3:00:34 AM

ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ  ਅਧੀਨ ਪੈਂਦੇ ਚੰਡੀਗਡ਼੍ਹ-ਲੁਧਿਆਣਾ ਰੋਡ ’ਤੇ ਕਾਰ ਸਵਾਰ ਏ. ਸੀ. ਪੀ. ਦੇ ਗੰਨਮੈਨ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ’ਚ ਕਾਰ  ਦੇ ਪਰਖੱਚੇ ਉੱਡ ਗਏ । ਹਾਦਸੇ ਵਿੱਚ ਪਰਮਪ੍ਰੀਤ ਸਿੰਘ (30)  ਵਾਸੀ ਪਿੰਡ ਰੁਡ਼ਕਾ ਥਾਣਾ ਡੇਹਲੋਂ ਲੁਧਿਆਣਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਰਮਪ੍ਰੀਤ ਜੋ ਕਿ ਲੁਧਿਆਣਾ ਵਿੱਚ ਏ. ਸੀ. ਪੀ. ਦਾ ਗੰਨਮੈਨ ਸੀ, ਅੱਜ ਆਪਣੀ ਕਾਰ ਵਿੱਚ ਆਪਣੇ ਸਹੁਰਾ-ਘਰ ਪਿੰਡ ਘੰਡ਼ੂਆਂ ਜਾ ਰਿਹਾ ਸੀ ਕਿ ਉਦੋਂ ਨਿੱਜੀ ਕੰਪਨੀ ਦੇ ਬੱਸ ਚਾਲਕ ਨੇ ਲਾਪ੍ਰਵਾਹੀ ਨਾਲ ਬੱਸ ਚਲਾਉਂਦੇ ਹੋਏ ਕਾਰ ਚਾਲਕ ਨੂੰ ਸਿੱਧੀ ਟੱਕਰ  ਮਾਰੀ, ਜਿਸ ਕਾਰਨ ਪੁਲਸ ਕਰਮਚਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਦੇ ਉਪਰੰਤ ਬੱਸ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਉਥੇ ਹੀ ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਬੱਸ ਚਾਲਕ  ਖਿਲਾਫ  ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ  ਆਈ.ਓ. ਜਰਨੈਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਬੱਸ  ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਛੇਤੀ ਹੀ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ  ਜਾਵੇਗਾ, ਉਥੇ ਹੀ ਲਾਸ਼ ਨੂੰ ਪੋਸਟਮਾਰਟਮ ਦੇ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।