ਟੈਂਪੂ ਚਾਲਕ ਦੀ ਲਾਪ੍ਰਵਾਹੀ ਨਾਲ ਬੱਚੇ ਦੀ ਮੌਤ

07/13/2018 12:33:22 AM

ਅਬੋਹਰ(ਸੁਨੀਲ)-ਖੇਤਰ ’ਚ ਪਿਛਲੇ ਕਾਫ਼ੀ ਸਮੇਂ ਤੋਂ ਵਿਕਰਾਲ ਹੋ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਉਚਿੱਤ ਹੱਲ ਨਾ ਕੀਤੇ ਜਾਣ ਕਾਰਨ ਇਹ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ ਤੇ ਆਏ ਦਿਨ ਇਨ੍ਹਾਂ ਕਾਰਨ ਕਈ ਲੋਕ ਸੜਕ ਹਾਦਸਿਆਂ ’ਚ ਜ਼ਖਮੀ ਹੋਣ  ਦੇ ਨਾਲ-ਨਾਲ ਅਕਾਲ ਮੌਤ ਦਾ ਗ੍ਰਾਸ ਬਣ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਦਾ ਸਥਾਈ ਹੱਲ ਨਹੀਂ ਕੱਢਿਆ ਜਾ ਰਿਹਾ। ਬੇਸ਼ੱਕ ਪ੍ਰਸ਼ਾਸਨ ਨੇ ਕਈ ਵਾਰ ਲੋਕਾਂ ਦੇ ਸਹਿਯੋਗ ਤੋਂ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ ਵੀ ਕੀਤੀ ਪਰ ਇਸ ’ਚ ਲੋਕਾਂ ਦਾ ਵੀ ਪੂਰਾ ਸਹਿਯੋਗ ਨਾ ਹੋਣ ਕਾਰਨ ਇਹ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਕਾਰਨ ਅੱਜ ਦੁਪਹਿਰ ਸਡ਼ਕ ’ਤੇ ਅਾਵਾਰਾ ਪਸ਼ੂਆਂ ਦੇ ਝੁੰਡ ਖਡ਼੍ਹੇ ਹੋਣ ਕਾਰਨ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫਤਾਰ ਟੈਂਪੂ ਚਾਲਕ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਮਾਪਿਆਂ ਦੇ ਇਕਲੌਤੇ ਤੇ ਮਾਸੂਮ ਢਾਈ ਸਾਲਾਂ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ  ਅਨੁਸਾਰ ਢਾਣੀ ਸੁੱਚਾ ਸਿੰਘ ਵਾਸੀ ਰੁਪੇਸ਼ ਕੁਮਾਰ  ਅੱਜ ਆਪਣੇ ਢਾਈ ਸਾਲ ਦੇ ਭਾਂਜੇ ਮਾਨਵ ਪੁੱਤਰ ਧੀਰਜ ਕੁਮਾਰ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸੀਤੋ ਰੋਡ ਵਿਖੇ ਉਸ ਦੇ  ਪਿਤਾ ਦੀ ਦੁਕਾਨ ’ਤੇ ਲਿਜਾ ਰਿਹਾ ਸੀ, ਜਦ ਉਹ ਬਿਸ਼ਨੋਈ ਚੌਕ ਦੇ ਨੇਡ਼ੇ ਪਹੁੰਚਿਆ ਤਾਂ ਸਡ਼ਕ ’ਤੇ ਪਸ਼ੂਆਂ ਦਾ ਇਕ ਝੁੰਡ ਖਡ਼੍ਹਾ ਸੀ ਜਿਵੇਂ ਹੀ ਉਸ ਨੇ ਮੋਟਰਸਾਈਕਲ ਹੌਲੀ  ਕੀਤਾ ਤਾਂ ਇਸ ਦੌਰਾਨ ਪਿੱਛੇ ਤੋਂ ਆ ਰਹੇ ਇਕ ਟੈਂਪੂ ਚਾਲਕ ਨੇ ਉਸ ਦੇ ਮੋਟਰਸਾਈਕਲ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਉਹ ਦੋਵੇਂ ਸਡ਼ਕ ’ਤੇ ਡਿੱਗ ਗਏ ਅਤੇ ਟੈਂਪੂ ਦਾ ਇਕ ਪਹੀਆ ਮਾਨਵ ਦੇ ਉੱਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ’ਤੇ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ  ਬੱਚੇ  ਦੀ ਲਾਸ਼ ਨੂੰ ਸਰਕਾਰੀ ਹਸਪਤਾਲ ’ਚ ਰਖਵਾਇਆ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਕਰ ਰਹੇ ਹਨ।