ਕਾਰ ਦੀ ਲਪੇਟ ''ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ

04/25/2018 5:30:47 AM

ਆਲਮਗੀਰ(ਰਣਜੀਤ)-ਲੁਧਿਆਣਾ-ਮਾਲੇਰਕੋਟਲਾ ਹਾਈਵੇ 'ਤੇ ਆਏ ਦਿਨ ਤੇਜ਼ ਰਫ਼ਤਾਰ ਵਾਹਨਾਂ ਕਾਰਨ ਹਾਦਸੇ ਵਾਪਰਨਾ ਆਮ ਜਿਹੀ ਗੱਲ ਬਣ ਚੁੱਕੀ ਹੈ, ਜਿਨ੍ਹਾਂ 'ਚ ਕਈਆਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋਣੇ ਪੈ ਰਹੇ ਹਨ। ਇਸੇ ਕੜੀ ਤਹਿਤ ਥਾਣਾ ਡੇਹਲੋਂ ਦੀ ਹੱਦ ਅੰਦਰ ਆਉਂਦੇ ਟੀ-ਪੁਆਇੰਟ ਆਲਮਗੀਰ ਦੇ ਨਜ਼ਦੀਕ ਇਕ ਸਵਿੱਫਟ ਕਾਰ ਜੋ ਕਿ ਤੇਜ਼ ਸੀ, ਵੱਲੋਂ ਇਕ ਸਾਈਕਲ ਸਵਾਰ ਨੂੰ ਪਿੱਛਿਓਂ ਟੱਕਰ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਲੁਧਿਆਣਾ-ਮਾਲੇਰਕੋਟਲਾ ਹਾਈਵੇ 'ਤੇ ਸਥਿਤ ਪਿੰਡ ਗਿੱਲ ਕੋਲ ਇਕ ਸਾਈਕਲ ਸਵਾਰ ਡੇਹਲੋਂ ਵੱਲ ਨੂੰ ਆ ਰਿਹਾ ਸੀ, ਜਿਸ ਨੂੰ ਲੁਧਿਆਣਾ ਸਾਈਡ ਤੋਂ ਆਉਂਦੀ ਤੇਜ਼ ਰਫ਼ਤਾਰ ਕਾਰ ਵੱਲੋਂ ਪਿੱਛਿਉਂ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਕਬਾਲ ਸਿੰਘ ਪੁੱਤਰ ਸਾਹਿਬ ਵਾਸੀ ਡੇਹਲੋਂ ਵਜੋਂ ਹੋਈ ਹੈ, ਜਦੋਂਕਿ ਕਾਰ ਦੇ ਚਾਲਕ ਬਲਵੀਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਪਤਾਰਾ (ਜਲੰਧਰ) ਖ਼ਿਲਾਫ਼ ਡੇਹਲੋਂ ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਇਕਬਾਲ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।