ਹਾਦਸੇ ''ਚ ਮਾਰੇ ਗਏ 5 ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੀ 1-1- ਲੱਖ ਰੁਪਏ ਦੀ ਮਦਦ : ਕਾਂਗੜ

01/20/2018 4:11:25 AM

ਭਗਤਾ ਭਾਈ(ਢਿੱਲੋਂ)-ਪਿਛਲੇ ਦਿਨੀ ਨੇੜਲੇ ਪਿੰਡ ਸਿਰੀਏ ਵਾਲਾ ਦੇ 5 ਨੌਜਵਾਨ ਇਕ ਸੜਕ ਹਾਦਸੇ 'ਚ ਮਾਰੇ ਗਏ ਸਨ। ਉਨ੍ਹਾਂ ਦੇ 6 ਸਾਥੀ ਜ਼ਖਮੀ ਹੋ ਗਏ ਸਨ। ਮਾਰੇ ਗਏ ਨੌਜਵਾਨਾਂ ਨੂੰ ਭਾਵੇਂ ਹੋਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਕੁਝ ਮਾਲੀ ਮਦਦ ਮਿਲੀ ਹੈ ਪਰ ਸਰਕਾਰ ਨੇ ਆਪਣਾ ਫਰਜ਼ ਸਮਝਦੇ ਹੋਏ ਇਨ੍ਹਾਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ 'ਤੇ ਮਿਹਰ ਦਾ ਹੱਥ ਰਖਦੇ ਹੋਏ 1-1 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਹ ਸ਼ਬਦ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕੈਪਟਨ ਸਰਕਾਰ ਵੱਲੋਂ ਆਏ 1-1 ਲੱਖ ਰੁਪਏ ਦੇ ਚੈੱਕ ਮ੍ਰਿਤਕਾਂ ਦੇ ਵਾਰਿਸਾਂ ਨੂੰ ਸੌਂਪਦੇ ਸਮੇਂ ਕਹੇ। ਇਸ ਸਮੇਂ ਜ਼ਖਮੀਆਂ ਨੂੰ ਵੀ ਇਲਾਜ ਲਈ 25-25-ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਸਰਕਾਰੀ ਅਧਿਕਾਰੀ ਐੱਸ. ਡੀ. ਐੱਮ. ਸੁਭਾਸ਼ ਚੰਦਰ ਖੱਟਕ, ਕਾਨੂੰਨਗੋ ਭੀਮ ਸੈਨ, ਹਲਕਾ ਪਟਵਾਰੀ ਅਮਰਦੀਪ ਸਿੰਘ, ਪਿੰਡ ਸਿਰੀਏ ਵਾਲਾ ਦੇ ਨੰਬਰਦਾਰ ਭਾਈ ਦਰਸ਼ਨ ਸਿੰਘ, ਯਾਦਵਿੰਦਰ ਸਿੰਘ ਪੱਪੂ, ਭਾਈ ਦੇਵ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ, ਗੋਰਾ ਸਿੰਘ ਬਰਾੜ ਅਤੇ ਪਤਵੰਤੇ ਹਾਜ਼ਰ ਸਨ।