ਮੋਟਰਸਾਈਕਲ ਤੇ ਪੰਜਾਬ ਪੁਲਸ ਦੀ ਗੱਡੀ ''ਚ ਟੱਕਰ, 3 ਜ਼ਖਮੀ

01/02/2018 1:42:45 AM

ਜਲਾਲਾਬਾਦ(ਟੀਨੂੰ, ਦੀਪਕ)-ਫਿਰੋਜ਼ਪੁਰ-ਜਲਾਲਾਬਾਦ ਮੁੱਖ ਮਾਰਗ 'ਤੇ ਸਥਿਤ ਸੈਕਰਡ ਹਾਰਟ ਸਕੂਲ ਦੇ ਨਜ਼ਦੀਕ ਮੋਟਰਸਾਈਕਲ ਅਤੇ ਪੰਜਾਬ ਪੁਲਸ ਦੀ ਮਹਿੰਦਰਾ ਗੱਡੀ ਨਾਲ ਹੋਈ ਟੱਕਰ ਦੌਰਾਨ ਤਿੰਨ ਨੌਜਵਾਨਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਇਨ੍ਹਾਂ ਤਿੰਨਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੇ ਜ਼ਿਆਦਾ ਸੱਟਾਂ ਲੱਗਣ ਕਰ ਕੇ ਉਸ ਨੂੰ ਇਥੋਂ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਫ਼ਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਜ਼ਖਮੀ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੋਹਨ ਕੇ ਹਿਠਾੜ (ਗੁਰੂਹਰਸਹਾਏ) ਨੇ ਦੱਸਿਆ ਕਿ ਉਹ ਅਤੇ ਉਸ ਨਾਲ ਇਕਬਾਲ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਸੁਖਦਿਆਲ ਸਿੰਘ ਤਿੰਨੋਂ ਵਾਸੀ ਪਿੰਡ ਮੋਹਨ ਕੇ ਹਿਠਾੜ ਮੋਟਰਸਾਈਕਲ ਪਲਾਟੀਨਾ (ਨੰਬਰ ਸੀ ਐੱਚ 01 ਏ ਵਾਈ 6445) 'ਤੇ ਸਵਾਰ ਹੋ ਕੇ ਜਲਾਲਾਬਾਦ ਸ਼ਹਿਰ ਕਿਸੇ ਕੰਮ ਆਏ ਸਨ ਅਤੇ ਜਦੋਂ ਉਹ ਕੰਮ ਖ਼ਤਮ ਕਰ ਕੇ ਮੋਟਰਸਾਈਕਲ 'ਤੇ ਹੀ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਜਦੋਂ ਉਹ ਸੈਕਰਡ ਹਾਰਟ ਸਕੂਲ ਦੇ ਨਜ਼ਦੀਕ ਪੁੱਜੇ ਤਾਂ ਉਥੇ ਪੰਜਾਬ ਪੁਲਸ ਦੇ ਮੁਲਾਜ਼ਮ ਨੇ ਅਚਾਨਕ ਗੱਡੀ ਯੂ ਟਰਨ ਮਾਰ ਦਿੱਤੀ, ਜਿਸ ਕਰ ਕੇ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਉਕਤ ਗੱਡੀ ਨਾਲ ਹੋ ਗਈ ਅਤੇ ਉਹ ਤਿੰਨੋਂ ਜਣੇ ਸੜਕ 'ਤੇ ਡਿੱਗ ਪਏ। ਟੱਕਰ ਦੌਰਾਨ ਇਕਬਾਲ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਸੱਟਾਂ ਜ਼ਿਆਦਾ ਲੱਗਣ ਕਰ ਕੇ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਜਦਕਿ ਸਿਮਰਨਜੀਤ ਅਤੇ ਲਵਪ੍ਰੀਤ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।