ਮੋਟਰਸਾਈਕਲ ਖੰਭੇ ''ਚ ਵੱਜਣ ਨਾਲ ਨੌਜਵਾਨ ਦੀ ਮੌਤ

11/28/2017 2:14:22 AM

ਬਾਲਿਆਂਵਾਲੀ(ਸ਼ੇਖਰ)-ਸਥਾਨਕ ਨਗਰ ਦੀ ਦੌਲਤਪੁਰਾ ਵਾਲੇ ਰੋਡ ਨੇੜੇ ਫਿਰਨੀ ਵਾਲੀ ਸੜਕ 'ਤੇ ਇਕ ਮੋਟਰਸਾਈਕਲ ਸਵਾਰ ਦੀ ਖੰਭੇ ਨਾਲ ਟਕਰਾਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ । ਉਕਤ ਜਾਣਕਾਰੀ ਦਿੰਦਿਆਂ ਮਾਲਵਾ ਸਹਾਰਾ ਸੁਸਾਇਟੀ ਢੱਡੇ ਦੇ ਪ੍ਰਧਾਨ ਕੇਵਲ ਸ਼ਰਮਾ ਨੇ ਦੱਸਿਆ ਕਿ ਸਵੇਰੇ ਸਾਢੇ 8.30 ਵਜੇ ਉਨ੍ਹਾਂ ਨੂੰ ਇਸ ਐਕਸੀਡੈਂਟ ਦੀ ਜਾਣਕਾਰੀ ਮਿਲੀ ਸੀ। ਉਹ ਆਪਣੇ ਸਾਥੀ ਅੰਮ੍ਰਿਤਪਾਲ ਪਾਲੀ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ । ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਨੌਜਵਾਨ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਨੌਜਵਾਨ ਦਾ ਨਾਂ ਗੁਰਸੇਵਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਬੁਰਜ ਸੇਮਾ ਹੈ ਜੋ ਕਿ ਪੇਂਟ ਦਾ ਕੰਮ ਕਰਦਾ ਸੀ ਅਤੇ ਆਪਣੇ ਸਹੁਰੇ ਪਿੰਡ ਦੌਲਤਪੁਰਾ ਜਾ ਰਿਹਾ ਸੀ । ਮ੍ਰਿਤਕ ਦੇ ਵਿਆਹ ਨੂੰ ਹਾਲੇ ਸਿਰਫ 7 ਮਹੀਨੇ ਹੀ ਹੋਏ ਸਨ। ਬਾਲਿਆਂਵਾਲੀ ਦੇ ਕੁਝ ਲੋਕਾਂ ਨੇ ਦੱਸਿਆ ਕਿ ਨੌਜਵਾਨ ਨੇ ਜ਼ਿਆਦਾ ਸਰਦੀ ਕਾਰਨ ਆਪਣੇ ਉਪਰ ਕੰਬਲ ਲਿਆ ਹੋਇਆ ਸੀ ਜੋ ਕਿ ਟਾਇਰ ਵਿਚ ਫਸ ਗਿਆ ਅਤੇ ਝਟਕਾ ਲੱਗਣ ਨਾਲ ਮੋਟਰਸਾਈਕਲ ਦੀ ਰੇਸ ਵਧ ਗਈ। ਰੇਸ ਇਕਦਮ ਵਧਣ ਨਾਲ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਖੰਭੇ ਨਾਲ ਟਕਰਾਅ ਗਿਆ।