ਬੱਸ ਤੇ ਮੋਟਰਸਾਈਕਲ ਦੀ ਟੱਕਰ ''ਚ ਚਾਚੇ ਦੀ ਮੌਤ, ਭਤੀਜੀ ਜ਼ਖਮੀ

11/21/2017 3:32:32 AM

ਤਲਵੰਡੀ ਸਾਬੋ(ਮੁਨੀਸ਼)-ਅੱਜ ਰਾਮਾਂ ਰੋਡ 'ਤੇ ਪੁਲਸ ਕੁਆਰਟਰਾਂ ਨੇੜੇ ਇਕ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਲੜਕੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਉਰਫ ਸੱਤਾ (32 ਸਾਲ) ਪੁੱਤਰ ਬਲਦੇਵ ਸਿੰਘ ਵਾਸੀ ਸੰਦੋਹਾ ਅੱਜ ਸਵੇਰੇ ਆਪਣੀ ਭਤੀਜੀ ਪਰਮਿੰਦਰ ਕੌਰ ਪੁੱਤਰੀ ਗੁਰਮੇਲ ਸਿੰਘ ਨੂੰ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.31 ਐੱਚ 1928 'ਤੇ ਯੂਨੀਵਰਸਿਟੀ ਛੱਡਣ ਜਾ ਰਿਹਾ ਸੀ ਕਿ ਸਥਾਨਕ ਸ਼ਹਿਰ ਦੇ ਰਾਮਾਂ ਰੋਡ 'ਤੇ ਪੁਲਸ ਕੁਆਰਟਰਾਂ ਕੋਲ ਸਾਹਮਣੇ ਤੋਂ ਆ ਰਹੀ ਯੂਨੀਵਰਸਿਟੀ ਦੀ ਇਕ ਬੱਸ ਨੰਬਰ ਪੀ.ਬੀ. 03-8136 ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਨਛੱਤਰ ਸਿੰਘ ਸੱਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲੜਕੀ ਪਰਮਿੰਦਰ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਹਸਪਤਾਲ ਪਹੁੰਚਾਇਆ, ਜਿਥੇ ਲੜਕੀ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਡਰਾਈਵਰ ਮੱਖਣ ਲਾਲ ਪੁੱਤਰ ਮੱਲੂ ਰਾਮ ਵਾਸੀ ਖਿਓਵਾਲੀ (ਔਢਾਂ) ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ।