ਸਕਾਰਪੀਓ-ਐਕਟਿਵਾ ਦੀ ਟੱਕਰ ''ਚ 2 ਦੀ ਮੌਤ

11/18/2017 11:49:40 AM


ਸ੍ਰੀ ਮੁਕਤਸਰ ਸਾਹਿਬ (ਪਵਨ) - ਦੇਰ ਸ਼ਾਮ ਪਿੰਡ ਮਹਿਰਾਜਵਾਲਾ ਕੋਲ ਸਕਾਰਪੀਓ ਤੇ ਐਕਟਿਵਾ ਵਿਚਕਾਰ ਹੋਈ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਨਿਵਾਸੀ ਦਲਜੀਤ ਸਿੰਘ ਪੁੱਤਰ ਚੜ੍ਹਤ ਸਿੰਘ ਤੇ ਮੁਖਤਿਆਰ ਸਿੰਘ ਪੁੱਤਰ ਗਿਆਨ ਸਿੰਘ ਜੋ ਕਿ ਮਲੋਟ 'ਚ ਪੱਲੇਦਾਰੀ ਦਾ ਕੰਮ ਕਰਦੇ ਸਨ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਕਰੀਬ ਸਵਾ ਸੱਤ ਵਜੇ ਮਲੋਟ ਤੋਂ ਆਪਣੀ ਐਕਟਿਵਾ 'ਤੇ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੇ ਸਨ ਜਦ ਉਹ ਪਿੰਡ ਮਹਿਰਾਜਵਾਲਾ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਨੇੜਲੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਐਕਟਿਵਾ 'ਤੇ ਸਵਾਰ ਦਲਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਮੁਖਤਿਆਰ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ, ਦੀ ਵੀ ਦੇਰ ਰਾਤ ਮੌਤ ਹੋ ਗਈ।