ਡੋਲੀ ਵਾਲੀ ਕਾਰ ਟਰਾਲੇ ਨਾਲ ਟਕਰਾਈ, ਬੱਚੇ ਸਣੇ 4 ਜ਼ਖਮੀ

09/24/2017 12:48:55 AM

ਤਲਵੰਡੀ ਭਾਈ(ਗੁਲਾਟੀ)-ਬੀਤੀ ਰਾਤ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਲੱਲੇ ਵਾਲੇ ਮੋੜ ਨੇੜੇ ਇਕ ਡੋਲੀ ਵਾਲੀ ਕਾਰ ਅੱਗੇ ਜਾ ਰਹੇ ਟਰਾਲੇ ਨਾਲ ਜਾ ਟਕਰਾਈ। ਸਿੱਟੇ ਵਜੋਂ ਕਾਰ ਸਵਾਰ 4 ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ 'ਚੋਂ 2 ਨੂੰ ਹਾਈਵੇ ਪੁਲਸ ਨੇ ਸਥਾਨਕ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਲਿਆਂਦਾ, ਜਿਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁੱਜੀ ਹਾਈਵੇ ਪੁਲਸ ਦੇ ਅਧਿਕਾਰੀ ਗਿਆਨ ਸਿੰਘ ਨੇ ਦੱਸਿਆ ਕਿ ਕਾਰ ਜੋ ਡੋਲੀ ਲੈ ਕੇ ਪਿਆਰੇਆਣਾ ਤੋਂ ਵਾਪਸ ਝੰਡੇਆਣਾ ਪਰਤ ਰਹੀ ਸੀ, ਪਿੰਡ ਲੱਲੇ ਦੇ ਮੋੜ 'ਤੇ ਇਕ ਟਰਾਲੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਚਾਲਕ ਹਰਮੰਦਰ ਸਿੰਘ ਪੁੱਤਰ ਬਲਵੀਰ ਸਿੰਘ, ਸਰਬਜੀਤ ਕੌਰ ਪਤਨੀ ਗੁਰਮੀਤ ਸਿੰਘ, ਸਰਬਜੀਤ ਕੌਰ ਪਤਨੀ ਮਹਿੰਦਰ ਸਿੰਘ ਅਤੇ ਇਕ ਛੋਟਾ ਬੱਚਾ ਸਾਰੇ ਵਾਸੀਆਨ ਝੰਡੇਆਣਾ, ਜ਼ਿਲਾ ਮੋਗਾ ਦੀ ਪਛਾਣ ਹੋਈ। ਕਾਰ 'ਚ ਸਵਾਰ ਵਿਆਹ ਵਾਲਾ ਲੜਕਾ ਹਰਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਅਤੇ ਵਿਆਹ ਵਾਲੀ ਲੜਕੀ ਇਸ ਹਾਦਸੇ 'ਚ ਵਾਲ-ਵਾਲ ਬਚੇ। ਘਟਨਾ ਬਾਅਦ ਟਰਾਲਾ ਚਾਲਕ ਮੌਕੇ ਤੋਂ ਟਰਾਲੇ ਸਮੇਤ ਫਰਾਰ ਹੋ ਗਿਆ।