ਭਿਆਨਕ ਹਾਦਸੇ ''ਚ ਸਹੁਰੇ-ਜਵਾਈ ਸਣੇ 3 ਦੀ ਮੌਤ

09/11/2019 5:19:31 PM

ਬਟਾਲਾ (ਜ. ਬ., ਬੇਰੀ) : ਬੀਤੀ ਰਾਤ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ 2 ਮੋਟਰਸਾਈਕਲ ਟਕਰਾਉਣ ਨਾਲ 3 ਵਿਅਕਤੀਆਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਚੌਕੀ ਪੰਜਗਰਾਈਆਂ ਦੇ ਇੰਚਾਰਜ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਮਸੀਹ ਪੁੱਤਰ ਜਗੀਰ ਮਸੀਹ ਵਾਸੀ ਬੁਰਜਅਰਾਈਆਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਪਿੰਡ ਮਾੜੀ ਬੁੱਚੀਆਂ ਤੋਂ ਸਹੁਰੇ ਅਮਰੀਕ ਮਸੀਹ ਨਾਲ ਆ ਰਿਹਾ ਸੀ ਜਦੋਂ ਉਹ ਪੰਜਾਗਰਾਈਆਂ ਨਜ਼ਦੀਕ ਪੁੱਜੇ ਤਾਂ ਅੱਗੋਂ ਆ ਰਹੇ ਇਕ ਮੋਟਰਸਾਈਕਲ, ਜਿਸ ਨੂੰ ਬਚਿੱਤਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਘੱਸ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। 

ਇਸ ਦੌਰਾਨ ਦੋਵਾਂ ਮੋਟਰਸਾਈਕਲ ਚਾਲਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਅਮਰੀਕ ਮਸੀਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਿਸ ਦੀ ਉਥੇ ਇਲਾਜ ਦੌਰਾਨ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬਣਦੀ ਕਾਰਵਾਈ ਆਰੰਭ ਕੀਤੀ ਗਈ।

Gurminder Singh

This news is Content Editor Gurminder Singh