ਅਬੋਹਰ : ਸਰਕਾਰੀ ਹਸਪਤਾਲ ’ਚ ਲੱਗੇ ਪੰਘੂੜੇ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਫੈਲੀ ਸਨਸਨੀ

02/17/2020 1:00:44 PM

ਅਬੋਹਰ (ਸੁਨੀਲ ਨਾਗਪਾਲ) - ਅਬੋਹਰ ਦੇ ਸਰਕਾਰੀ ਹਸਪਤਾਲ 'ਚ ਪ੍ਰਸ਼ਾਸਨ ਵਲੋਂ ਲਗਾਏ ਗਏ ਪੰਘੂੜੇ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਬੱਚੇ ਨੂੰ ਬੀਤੀ ਦੇਰ ਰਾਤ ਕੋਈ ਅਣਪਛਾਤਾ ਵਿਅਕਤੀ ਪੰਘੂੜੇ 'ਚ ਰੱਖ ਕੇ ਚਲਾ ਗਿਆ। ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੀ ਸੂਚਨਾ ’ਤੇ ਹਸਪਤਾਲ ’ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਡਾਕਟਰਾਂ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿਸ ਨੇ ਪੰਘੂੜੇ 'ਚੋਂ ਬੱਚੇ ਨੂੰ ਚੁੱਕ ਕੇ ਐਮਰਜੈਂਸੀ 'ਚ ਭਰਤੀ ਕਰਵਾਇਆ। ਬੱਚੇ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

 ਡਾ. ਸਾਹਿਬ ਰਾਮ ਨੇ ਦੱਸਿਆ ਕਿ ਮੁੱਢਲੀ ਨਜ਼ਰ ਤੋਂ ਪਤਾ ਲੱਗਦਾ ਹੈ ਕਿ ਇਸ ਬੱਚੇ ਨੂੰ ਬੀਤੀ ਰਾਤ ਔਰਤ ਨੇ ਜਨਮ ਦਿੱਤਾ। ਔਰਤ ਦੀ ਡਲਿਵਰੀ ਘਰ ’ਚ ਕਿਸੇ ਅਨਾੜੀ ਵਲੋਂ ਕੀਤੀ ਗਈ ਹੈ, ਕਿਉਂਕਿ ਬੱਚੇ ਦੇ ਨਾੜੂਆਂ ’ਤੇ ਕੋਰਡ ਕਲੈਂਪ ਨਹੀਂ ਲੱਗਾ ਹੋਇਆ ਸੀ। ਇਹ ਲੱਗ ਰਿਹਾ ਸੀ ਕਿ ਬੱਚੇ ਦਾ ਨਾਡ਼ੂ ਕੱਟਿਆ ਨਹੀਂ ਸਗੋਂ ਖਿੱਚਿਆ ਹੋਇਆ ਹੈ। ਇਹ ਬੱਚਾ ਡਲਿਵਰੀ ਤੋਂ ਬਾਅਦ ਚਾਰ-ਪੰਜ ਘੰਟੇ ਹੀ ਜ਼ਿੰਦਾ ਰਿਹਾ ਅਤੇ ਕੋਈ ਆਪਣਾ ਪਾਪ ਲੁਕਾਉਣ ਲਈ ਮਰੇ ਹੋਏ ਬੱਚੇ ਨੂੰ ਝਾੜੀਆਂ ’ਚ ਸੁੱਟਣ ਦੀ ਥਾਂ ਪੰਘੂੜੇ ’ਚ ਰੱਖ ਕੇ ਚਲਾ ਗਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਜ਼ਿਲਾ ਸੁਰੱਖਿਆ ਵਿਭਾਗ ਦੀ ਜ਼ਿਲਾ ਅਧਿਕਾਰੀ ਰੀਤੂ ਬਾਲਾ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਉਧਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ ਡਾ. ਆਰਪੀ ਸਿੰਘ ਹਸਪਤਾਲ ਪਹੁੰਚੇ ਅਤੇ ਮੋਰਚਰੀ ’ਚ ਬੱਚੇ ਦੀ ਲਾਸ਼ ਦੇਖੀ। ਡਾ. ਆਰਪੀ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਹੋਵੇਗੀ। ਇਸ ਸਬੰਧ ’ਚ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਹੜੀ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਸੌਂਪਣਗੇ।

rajwinder kaur

This news is Content Editor rajwinder kaur