ਬਦਮਾਸ਼ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ

08/06/2019 11:31:58 AM

ਅਬੋਹਰ (ਜ. ਬ.) - ਬੀਤੇ ਦਿਨੀਂ ਅਬੋਹਰ-ਹਨੂਮਾਨਗੜ੍ਹ ਰੋਡ 'ਤੇ ਸਥਿਤ ਬੱਲੂਆਣਾ ਪਿੰਡ ਖਾਟਵਾਂ 'ਚ ਅਕਾਲੀ ਨੇਤਾ ਇੰਪਰੂਵਮੈਂਟ ਟਰਸੱਟ ਦੇ ਸਾਬਕਾ ਚੇਅਰਮੈਨ ਤੇ ਭੱਠਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਹਲਾਦ ਖਾਟਵਾਂ 'ਤੇ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਆਈ. ਜੀ. ਦੇ ਹੁਕਮਾਂ 'ਤੇ ਉਨ੍ਹਾਂ ਦੀ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਹੈ। ਖੁਦ ਨੂੰ ਗੋਲੀ ਮਾਰਨ ਵਾਲੇ ਬਦਮਾਸ਼ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਬਦਮਾਸ਼ ਜਗਬੀਰ ਸਿੰਘ ਜੱਗੂ ਦੀ ਲਾਸ਼ ਪੁਲਸ ਨੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਸੀ, ਜਿਥੇ ਡਾਕਟਰਾਂ ਦੀ ਵਿਸ਼ੇਸ਼ ਟੀਮ ਡਾ. ਗਗਨਦੀਪ, ਡਾ. ਅਨਮੋਲ ਅਤੇ ਡਾ. ਯੁਧਿਸ਼ਠਰ ਚੌਧਰੀ ਵਲੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ। ਸੂਚਨਾ ਮਿਲਣ 'ਤੇ ਮ੍ਰਿਤਕ ਦਾ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਸਪਤਾਲ 'ਚ ਪਹੁੰਚ ਗਏ। ਡਾਕਟਰਾਂ ਅਨੁਸਾਰ ਮ੍ਰਿਤਕ ਦੇ ਸਿਰ 'ਚ ਬਿਲਕੁਲ ਨੇੜੀਓਂ 1 ਗੋਲੀ ਲੱਗੀ, ਜਿਹੜੀ ਉਸ ਦੇ ਸਿਰ ਦੇ ਆਰ-ਪਾਰ ਹੋ ਗਈ। ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।

ਆਈ. ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਭਰਤਪੁਰ ਰਾਜਸਥਾਨ ਜੇਲ ਤੋਂ ਪ੍ਰੰਡਕਸ਼ਨ ਵਾਰੰਟ 'ਤੇ ਲਿਆ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਬੀਤੇ ਦਿਨੀਂ ਗੈਂਗਸਟਰ ਸ਼ੇਰਗਿੱਲ ਨੂੰ ਫੜਨ ਵਾਲੇ ਉੱਜਵਲ ਅਤੇ ਹਰੀਕ੍ਰਿਸ਼ਨ ਦੀ ਬਹਾਦਰੀ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਸਰਕਾਰ ਕੋਲ ਉਨ੍ਹਾਂ ਦੀ ਰਿਪੋਰਟ ਸੌਂਪ ਕੇ ਉਨ੍ਹਾਂ ਨੂੰ ਸਨਮਾਨਤ ਕਰਵਾਉਣਗੇ। ਆਈ. ਜੀ . ਛੀਨਾ ਨੇ ਅਕਾਲੀ ਨੇਤਾ ਪ੍ਰਹਲਾਦ ਖਾਟਵਾਂ ਅਤੇ ਪਿੰਡ ਵਾਸੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ। ਫੜੇ ਗਏ ਗੈਂਗਸਟਰ ਜਤਿੰਦਰ ਪਾਲ ਨੂੰ ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 8 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।  

ਹਸਪਤਾਲ ਪੁੱਜੇ ਮ੍ਰਿਤਕ ਜਗਬੀਰ ਜੱਗੂ ਦੇ ਵੱਡੇ ਭਰਾ ਅਤੇ ਸੀ. ਆਰ. ਪੀ. ਐੱਫ. ਜਵਾਨ ਗੁਰਸਿਮਰਜੀਤ ਸਿੰਘ ਨੇ ਦੱਸਿਆ ਕਿ 24 ਸਾਲਾ ਜਗਬੀਰ ਅਤੇ ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਜਗਬੀਰ ਪੜ੍ਹਾਈ 'ਚ ਕਾਫੀ ਇੰਟੈਲੀਜੈਂਟ ਹੋਣ ਦੇ ਨਾਲ-ਨਾਲ ਰੈਸਲਿੰਗ ਦਾ ਰਾਸ਼ਟਰੀ ਚੈਂਪੀਅਨ ਸੀ। 12ਵੀਂ ਤੋਂ ਬਾਅਦ ਮੈਂ ਸੀ.ਆਰ.ਪੀ.ਐੱਫ. ਦੀ ਟ੍ਰੇਨਿੰਗ ਲਈ, ਜਦਕਿ ਜਗਬੀਰ ਨੇ ਪੰਜਾਬ ਪੁਲਸ ਦੀ ਟ੍ਰੇਨਿੰਗ ਲਈ। ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਅਤੇ 5 ਸਾਲ ਪਹਿਲਾਂ ਜਗਬੀਰ ਮਲੋਟ 'ਚ 21 ਕਿਲੋ ਹੈਰੋਇਨ ਸਮੇਤ ਫੜਿਆ ਗਿਆ ਅਤੇ ਉਸ ਤੋਂ ਬਾਅਦ ਜੁਰਮ ਦੀ ਦਲ-ਦਲ 'ਚ ਫਸਦਾ ਗਿਆ। ਜਨਵਰੀ ਮਹੀਨੇ 'ਚ ਉਸ ਦੀ ਆਖਿਰੀ ਮੁਲਾਕਾਤ ਰੋਪੜ ਜੇਲ 'ਚ ਹੋਈ, ਤਦ ਉਸ ਨੇ ਮਾੜੀ ਸੰਗਤ ਛੱਡਣ ਦੀ ਗੱਲ ਕਹੀ ਪਰ ਉਸ ਤੋਂ ਬਾਅਦ ਪਤਾ ਨਹੀਂ ਕਦ ਉਹ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਸੰਪਰਕ 'ਚ ਆ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਹੁਣ ਇਕ ਭੈਣ ਹੈ। ਇਸ ਮੌਕੇ ਚਾਚਾ ਸੁਖਵਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਮੋਸੇਰਾ ਭਰਾ ਤੇਜਿੰਦਰ ਸਿੰਘ ਮੌਜੂਦ ਸਨ।

ਇਸੇ ਮਾਮਲੇ 'ਚ ਫੜਿਆ ਗਿਆ 30 ਸਾਲਾ ਜਤਿੰਦਰ ਸ਼ੇਰਗਿੱਲ ਪੁੱਤਰ ਸੁਰਿੰਦਰ ਗਿੱਲ ਜਿਹੜਾ ਕਿ ਸੁੰਦਰ ਨਗਰੀ ਵਾਸੀ ਹੈ, ਆਪਣੀ ਪੜ੍ਹਾਈ ਦੇ ਸਮੇਂ ਤੋਂ ਲਾਰੈਂਸ ਬਿਸ਼ਨੋਈ ਦਾ ਦੋਸਤ ਰਿਹਾ ਹੈ। ਸੂਤਰਾਂ ਅਨੁਸਾਰ ਜਤਿੰਦਰ ਨੇ ਕਾਨਵੈਂਟ ਸਕੂਲ 'ਚ 10ਵੀਂ ਤੱਕ ਦੀ ਸਿੱਖਿਆ ਹਾਸਲ ਕੀਤੀ, ਜਿਸ ਦੌਰਾਨ ਲਾਰੈਂਸ ਬਿਸ਼ਨੋਈ ਉਸ ਦਾ ਦੋਸਤ ਸੀ। ਇਸ ਤੋਂ ਬਾਅਦ ਉਸ ਨੇ ਡੀ.ਏ.ਵੀ. ਕਾਲਜ 'ਚ ਵੀ ਸਿੱਖਿਆ ਹਾਸਲ ਕੀਤੀ। ਇਕ ਵਧੀਆ ਪਰਿਵਾਰ ਨਾਲ ਜੁੜੇ ਜਤਿੰਦਰ ਸ਼ੇਰਗਿੱਲ ਦੇ ਪਿਤਾ ਇਕ ਟਰਾਂਸਪੋਰਟਰ ਹਨ ਅਤੇ ਉਸ ਨੂੰ ਖੂੰਖਾਰ ਕਿਸਮ ਦੇ ਕੁੱਤਿਆਂ ਨੂੰ ਪਾਲਣ ਦਾ ਬਹੁਤ ਸ਼ੌਕ ਹੈ। ਜਾਣਕਾਰੀ ਅਨੁਸਾਰ ਪਿਛਲੇ 20 ਦਿਨਾਂ 'ਚ ਲਾਰੈਂਸ ਬਿਸ਼ਨੋਈ ਨੇ 2 ਵਾਰ ਉਸ ਨਾਲ ਫੋਨ 'ਤੇ ਜੇਲ 'ਚ ਗੱਲ ਕੀਤੀ, ਜਿਸ ਤੋਂ ਬਾਅਦ ਜਤਿੰਦਰ ਨੇ ਇਸ ਪੂਰੇ ਘਟਨਾਕ੍ਰਮ 'ਚ ਸ਼ਾਮਲ ਸਾਰੇ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਪ੍ਰਹਲਾਦ ਖਾਟਵਾਂ ਦਾ ਘਰ ਦਿਖਾਉਣ ਦੇ ਨਾਲ-ਨਾਲ ਖੁੱਦ ਗੱਡੀ ਚਲਾ ਕੇ ਲੈ ਗਿਆ। ਇੰਨਾ ਹੀ ਨਹੀਂ ਗੱਲੀ ਪਲਟਣ ਤੋਂ ਬਾਅਦ ਉਸ ਨੇ ਦੋਵਾਂ ਨੌਜਵਾਨਾਂ 'ਤੇ ਗੋਲੀਆਂ ਵੀ ਚਲਾਈਆਂ। ਹਾਲਾਂਕਿ ਜਤਿੰਦਰ ਦਾ ਪੁਲਸ ਕੋਲ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਪਰ ਉਹ ਪਿਛਲੇ ਕਾਫੀ ਸਮੇਂ ਤੋਂ ਲਾਰੈਂਸ ਦੇ ਸੰਪਰਕ 'ਚ ਸੀ। ਬੀਤੇ ਦਿਨ ਜਦ ਪੁਲਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਇਕ ਪਿਸਟਲ ਬਰਾਮਦ ਹੋਈ, ਜਿਸ ਦੇ ਆਧਾਰ 'ਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

rajwinder kaur

This news is Content Editor rajwinder kaur