ਭੈਣ ਘਰ ਆਏ ਭਰਾ ਦੇ ਦੋਸਤ ''ਤੇ ਸਹੁਰਿਆਂ ਨੇ ਕੀਤਾ ਹਮਲਾ, ਮੌਤ

09/25/2019 3:43:44 PM

ਅਬੋਹਰ (ਸੁਨੀਲ) - ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ 'ਤੇ ਸਥਿਤ ਉਪਮੰਡਲ ਦੇ ਪਿੰਡ ਦੌਲਤਪੁਰਾ ਵਿਖੇ ਬੀਤੀ ਰਾਤ ਹੋਏ ਇਕ ਪਾਰਿਵਾਰਿਕ ਝਗੜੇ 'ਚ ਭੈਣ ਦੇ ਬਚਾਅ 'ਚ ਆਏ ਭਰਾ ਦੇ ਦੋਸਤ ਦੀ ਸਿਰ 'ਤੇ ਚੋਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ 'ਚ ਇਲਾਜਧੀਨ ਸੁਖਦੀਪ ਕੌਰ ਪਤਨੀ ਆਲਨਦੀਪ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਆਲਨਦੀਪ ਨਾਲ ਹੋਇਆ ਸੀ ਅਤੇ ਉਸ ਦੇ 3 ਬੱਚੇ ਹਨ। ਪਿਛਲੇ ਕੁਝ ਸਮੇਂ ਤੋਂ ਉਸ ਦਾ ਪਤੀ ਤੇ ਸਹੁਰੇ ਵਾਲੇ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਸਨ, ਜਿਨ੍ਹਾਂ ਨੇ ਉਸ ਨਾਲ ਕੁੱਟ-ਮਾਰ ਵੀ ਕੀਤੀ।

ਕੁੱਟਮਾਰ ਦਾ ਪਤਾ ਲੱਗਣ 'ਤੇ ਉਸ ਦਾ ਭਰਾ ਸਰਬਪ੍ਰੀਤ ਆਪਣੇ ਦੋਸਤ ਸਣੇ ਉਨ੍ਹਾਂ ਦੇ ਘਰ ਆ ਗਿਆ। ਉਸ ਦੀ ਭੈਣ ਜਦੋਂ ਉਨ੍ਹਾਂ ਲਈ ਚਾਹ ਬਣਾ ਕੇ ਲਿਆਈ ਤਾਂ ਉਸ ਦੇ ਪਤੀ ਨੇ ਉਸ ਦੇ ਸਾਹਮਣੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ। ਝਗੜੇ ਦੌਰਾਨ ਜੇਠ ਅਤੇ ਹੋਰ ਸਹੁਰੇ ਵਾਲੇ ਵੀ ਉਥੇ ਆ ਗਏ, ਜਿਨ੍ਹਾਂ ਨੇ ਬਿੱਟਾ ਦੇ ਸਿਰ 'ਤੇ ਸੋਟੀ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਣ 'ਤੇ ਬਿੱਟਾ ਨੂੰ ਰਾਤ ਕਰੀਬ 1 ਵਜੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਖੂਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਪਰਮਜੀਤ ਨੇ ਕਿਹਾ ਕਿ ਪੀੜਤ ਔਰਤ ਸਣੇ ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

rajwinder kaur

This news is Content Editor rajwinder kaur