ਸਾਈਬਰ ਠੱਗਾਂ ਨੇ 2 ਵਿਅਕਤੀਆਂ ਨੂੰ ਬਣਾਇਆ ਸ਼ਿਕਾਰ, ਅਕਾਊਂਟਾਂ ’ਚੋਂ ਕੱਢੇ ਹਜ਼ਾਰਾਂ ਰੁਪਏ

03/12/2020 12:41:29 PM

ਅਬੋਹਰ (ਸੁਨੀਲ) - ਵੱਖ-ਵੱਖ ਸ਼ਹਿਰਾਂ ਦੇ ਭੋਲੇ-ਭਾਲੇ ਲੋਕਾਂ ’ਤੇ ਹੁਣ ਸ਼ਾਤਰ ਠੱਗਾਂ ਦੀ ਨਜ਼ਰ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਆਏ ਦਿਨ ਲੋਕਾਂ ਨਾਲ ਆਨਲਾਈਨ ਧੋਖਾਦੇਹੀ ਹੋਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦੇ ਕਾਰਣ ਹੁਣ ਤੱਕ ਕਈ ਲੋਕ ਠੱਗਾਂ ਦੇ ਮਕੜ ਜਾਲ ’ਚ ਫਸ ਚੁੱਕੇ ਹਨ। ਤਾਜ਼ਾ ਮਾਮਲਾ ਅਬੋਹਰ ਅਤੇ ਰਾਮਸਰਾ ਦਾ ਸਾਹਮਣੇ ਆਇਆ ਹੈ, ਜਿਥੇ 2 ਲੋਕਾਂ ਨੂੰ ਓ. ਟੀ. ਪੀ. ਦੇ ਨਾਂ ’ਤੇ ਠੱਗ ਲਿਆ ਗਿਆ। ਹੁਣ ਦੋਵੇਂ ਪੀੜਤ ਪੁਲਸ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੇ ਹਨ।

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮਹਾਤਮਾ ਬੁੱਧ ਕਾਲੋਨੀ ਸ਼੍ਰੀ ਗੰਗਾਨਗਰ ਰੋਡ ਵਾਸੀ ਓਮਾ ਸ਼ੰਕਰ ਪੁੱਤਰ ਸੋਨੇ ਲਾਲ ਨੇ ਦੱਸਿਆ ਕਿ ਉਸ ਦਾ ਬੈਂਕ ’ਚ ਖਾਤਾ ਹੈ । 7 ਮਾਰਚ ਨੂੰ ਉਸ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਕਿ ਉਹ ਬੈਂਕ ਅਧਿਕਾਰੀ ਬੋਲ ਰਿਹਾ ਹੈ ਅਤੇ ਉਸ ਨੇ ਉਸ ਦੇ ਖਾਤੇ ਦੀ ਵੈਰੀਫਿਕੇਸ਼ਨ ਕਰਨੀ ਹੈ। ਇਸ ਤੋਂ ਬਾਅਦ ਉਸ ਤੋਂ ਆਧਾਰ ਅਤੇ ਅਕਾਊਂਟ ਨੰਬਰ ਪੁੱਛਿਆ ਗਿਆ। ਜਦ ਉਸ ਨੇ ਆਧਾਰ ਅਤੇ ਅਕਾਊਂਟ ਨੰਬਰ ਦੱਸਿਆ ਤਾਂ ਠੱਗ ਨੇ ਕਿਹਾ ਕਿ ਉਸ ਦੇ ਮੋਬਾਇਲ ’ਤੇ ਇਕ ਮੈਸੇਜ ਆਇਆ ਹੈ, ਜਿਸ ਨੂੰ ਦੱਸਣਾ ਪਵੇਗਾ। ਉਸ ਨੇ ਬਿਨਾਂ ਕੁਝ ਸੋਚੇ-ਸਮਝੇ ਗਲਤੀ ਨਾਲ ਉਸ ਨੂੰ ਓ. ਟੀ. ਪੀ. ਨੰਬਰ ਦੱਸ ਦਿੱਤਾ। ਉਸ ਤੋਂ ਬਾਅਦ ਉਸ ਦੇ ਅਕਾਊਂਟ ’ਚੋਂ 18 ਹਜ਼ਾਰ ਰੁਪਏ ਅਤੇ 8 ਮਾਰਚ ਨੂੰ 2200 ਰੁਪਏ ਅਤੇ ਇਸੇ ਦਿਨ ਦੁਪਹਿਰ ਨੂੰ 21000 ਰੁਪਏ ਕੱਢ ਲਏ।

ਇਸੇ ਤਰ੍ਹਾਂ ਪਿੰਡ ਰਾਮਸਰਾ ਵਾਸੀ ਪ੍ਰੇਮ ਕੁਮਾਰ ਪੁੱਤਰ ਬਨਵਾਰੀ ਲਾਲ ਨੂੰ ਵੀ ਇਕ ਵਿਅਕਤੀ ਨੇ ਬੈਂਕ ਅਧਿਕਾਰੀ ਬਣ ਕੇ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਅਕਾਊਂਟ ਫ੍ਰੀਜ਼ ਹੋ ਗਿਆ ਹੈ। ਉਸ ਦੇ ਅਕਾਊਂਟ ਨੂੰ ਖੁੱਲ੍ਹਵਾਉਣ ਲਈ ਹੁਣ ਉਸ ਨੂੰ ਵੈਰੀਫਿਕੇਸ਼ਨ ਕਰਵਾਉਣੀ ਪਵੇਗੀ, ਜਿਸ ’ਤੇ ਉਸ ਨੇ ਉਸ ਤੋਂ ਓ.ਟੀ. ਪੀ. ਨੰਬਰ ਪੁੱਛ ਲਿਆ ਅਤੇ ਪ੍ਰੇਮ ਕੁਮਾਰ ਦੇ ਅਕਾਊਂਟ ’ਚੋਂ 29 ਹਜ਼ਾਰ ਰੁਪਏ ਕੱਢ ਲਏ ਗਏ। ਦੋਵਾਂ ਪੀੜਤਾਂ ਨੇ ਆਪਣੇ ਸਬੰਧਤ ਥਾਣਿਆਂ ’ਚ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਤੋਂ ਰੁਪਏ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।

rajwinder kaur

This news is Content Editor rajwinder kaur