''ਆਪ'' ਦੇ ਵਰਕਰ ਨੇ ਕਾਂਗਰਸੀ ''ਤੇ ਚਲਾਈ ਗੋਲੀ

08/22/2017 1:42:02 AM

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ,(ਪਵਨ, ਸੁਖਪਾਲ)- ਬੀਤੀ ਰਾਤ ਪਿੰਡ ਫੱਤਣਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਵੱਲੋਂ ਕਾਂਗਰਸ ਪਾਰਟੀ ਦੇ ਵਰਕਰ 'ਤੇ ਗੋਲੀ ਚਲਾ ਦਿੱਤੀ ਗਈ। ਇਸ ਮਾਮਲੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ।  ਜਾਣਕਾਰੀ ਅਨੁਸਾਰ ਕਾਂਗਰਸੀ ਵਰਕਰ ਕੁਲਵਿੰਦਰ ਸਿੰਘ ਉਰਫ਼ ਮਿੰਟੂ ਬਰਾੜ ਆਪਣੇ ਚਾਚੇ ਦੇ ਲੜਕੇ ਰਾਜਵਿੰਦਰ ਸਿੰਘ ਦੇ ਘਰੋਂ ਮੋਟਰਸਾਈਕਲ 'ਤੇ ਆ ਰਿਹਾ ਸੀ, ਜਦਕਿ ਗੋਲੀ ਚਲਾਉਣ ਵਾਲਾ ਅਮਰਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਆਪਣੇ ਬੂਹੇ ਅੱਗੇ ਕੁਝ ਹੋਰ ਵਿਅਕਤੀਆਂ ਨਾਲ ਤਖਤਪੋਸ਼ 'ਤੇ ਬੈਠਾ ਸੀ । ਪਲਸ ਨੂੰ ਦਿੱਤੇ ਬਿਆਨਾਂ 'ਚ ਮਿੰਟੂ ਬਰਾੜ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਮੈਨੂੰ ਜਾਨੋਂ ਮਾਰਨ ਲਈ ਦੋ ਗੋਲੀਆਂ ਚਲਾਈਆਂ ਸਨ।
ਰਾਤ ਨੂੰ ਕਰੀਬ ਸਾਢੇ 10 ਵਜੇ ਥਾਣਾ ਸਦਰ ਦੀ ਪੁਲਸ ਏ. ਐੱਸ. ਆਈ. ਕੁਲਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਫੱਤਣਵਾਲਾ ਵਿਖੇ ਪੁੱਜ ਗਈ ਸੀ ਤੇ ਖਾਲੀ ਖੋਲ ਵੀ ਬਰਾਮਦ ਕਰ ਲਏ ਗਏ ਸਨ। ਭਾਵੇਂ ਅੱਜ ਸਵੇਰੇ ਪੁਲਸ ਅਮਰਿੰਦਰ ਸਿੰਘ ਦੇ ਘਰ ਗਈ ਸੀ ਪਰ ਅਜੇ ਤੱਕ ਪੁਲਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਤੇ ਨਾ ਹੀ ਪਿਸਤੌਲ ਬਰਾਮਦ ਕੀਤਾ ਹੈ।
ਇਸ ਸਬੰਧ ਵਿਚ ਅੱਜ ਪੀੜਤ ਮਿੰਟੂ ਬਰਾੜ ਜ਼ਿਲੇ ਦੇ ਪੁਲਸ ਮੁਖੀ ਸੁਸ਼ੀਲ ਕੁਮਾਰ ਨੂੰ ਵੀ ਮਿਲੇ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਮੁਖੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਜਦ ਇਸ ਮਾਮਲੇ ਸਬੰਧੀ ਪੁੱਛਿਆ ਗਿਆ ਕਿ ਪੁਲਸ ਕੀ ਕਾਰਵਾਈ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਇੰਸਪੈਕਟਰ ਸਾਹਿਬ ਨਾਲ ਗੱਲ ਕਰ ਲਓ, ਜਦਕਿ ਉਨ੍ਹਾਂ ਫੋਨ ਨਹੀਂ ਚੁੱਕਿਆ। ਇਹ ਵੀ ਪਤਾ ਲੱਗਾ ਹੈ ਕਿ ਮਿੰਟੂ ਬਰਾੜ ਤੇ ਅਮਰਿੰਦਰ ਸਿੰਘ ਦੀ 20 ਅਗਸਤ ਨੂੰ ਸਵੇਰੇ 10 ਵਜੇ ਰਾਸ਼ਨ ਡਿਪੂ ਵਾਲੀ ਕਣਕ ਦੀ ਵੰਡ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਈ ਸੀ।