ਕੈਪਟਨ ਸਰਕਾਰ ਨੂੰ ਹਰ ਮੁੱਦੇ ''ਤੇ ਘੇਰੇਗੀ ''ਆਪ''

06/24/2017 6:22:40 AM

ਜਲੰਧਰ   (ਬੁਲੰਦ)  - ਆਮ ਆਦਮੀ ਪਾਰਟੀ ਲਈ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਪਛਾੜ ਕੇ ਮੁੱਖ ਵਿਰੋਧੀ ਪਾਰਟੀ ਦੇ ਰੂਪ ਵਿਚ ਆਪਣੀ ਪਛਾਣ ਕਾਇਮ ਰੱਖਣਾ ਬੇਹੱਦ ਅਹਿਮ ਬਣ ਚੁੱਕਾ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਅਕਾਲੀ-ਭਾਜਪਾ ਪੂਰੀ ਯੋਜਨਾਬੰਦੀ ਤਿਆਰ ਕਰ ਚੁੱਕੀ ਹੈ ਕਿ ਕਿਵੇਂ ਪਾਰਟੀ ਨੂੰ ਤੀਜੇ ਨੰਬਰ 'ਤੇ ਪਹੁੰਚਾਉਣਾ ਹੈ ਅਤੇ ਸੰਸਦ ਵਿਚ ਖੁਦ ਵਿਰੋਧੀ ਦਲ ਦੇ ਰੂਪ ਵਿਚ ਕਾਇਮ ਹੋਣਾ ਹੈ। ਇਸਦੇ ਲਈ 'ਆਪ' ਪਾਰਟੀ ਵੀ ਆਪਣਾ ਕਰੰਟ ਘੱਟ ਹੋਣ ਨਹੀਂ ਦੇਣਾ ਚਾਹੁੰਦੀ। ਇਸੇ ਲਈ ਪਾਰਟੀ  ਹਰ ਮੁੱਦੇ 'ਤੇ ਕਾਂਗਰਸ ਨੂੰ ਘੇਰਨ ਅਤੇ ਅਕਾਲੀ ਦਲ ਨੂੰ ਕੋਸਣ ਵਿਚ ਪਿੱਛੇ ਨਹੀਂ ਰਹਿੰਦੀ। ਕੱਲ ਹੋਏ ਵਿਧਾਨ ਸਭਾ ਹੰਗਾਮੇ ਬਾਰੇ ਬੋਲਦੇ ਹੋਏ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਬਣੇ 100 ਦਿਨ ਪੂਰੇ ਹੋ ਗਏ ਹਨ ਅਤੇ ਕੱਲ ਜੋ ਪੰਜਾਬ ਵਿਧਾਨ ਸਭਾ ਵਿਚ ਦੇਖਣ ਨੂੰ ਮਿਲਿਆ, ਉਹ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਹੈ। ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਨੇ 100 ਦਿਨਾਂ ਵਿਚ ਪੰਜਾਬ ਦੀ ਜਨਤਾ ਦੇ ਦਿਲਾਂ 'ਚ ਆਪਣਾ ਸਥਾਨ ਗੁਆ ਦਿੱਤਾ ਹੈ। ਜਿਵੇਂ 'ਆਪ' ਵਿਧਾਇਕਾਂ ਨੂੰ ਜਬਰੀ ਮਾਰਸ਼ਲਾਂ ਦੀ ਮਦਦ ਨਾਲ ਵਿਧਾਨ ਸਭਾ ਤੋਂ ਬਾਹਰ ਕਢਵਾਇਆ ਗਿਆ, ਵਿਧਾਇਕਾਂ ਦੀਆਂ ਪਗੜੀਆਂ ਅਤੇ ਮਹਿਲਾ ਵਿਧਾਇਕਾਂ ਦੀਆਂ ਚੁੰਨੀਆਂ ਉਤਾਰੀਆਂ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਕਿੰਨੀ ਫੈਡਅਪ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਸਰਕਾਰ ਦੇ 100ਵੇਂ ਦਿਨ ਵਿਧਾਨ ਸਭਾ ਵਿਚ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪਤਾ ਸੀ ਕਿ ਅੱਜ 'ਆਪ' ਪਾਰਟੀ ਨੇ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਸਪੀਕਰ ਦੇ ਦਿਮਾਗ ਦੇ ਵਿਰੁੱਧ ਦਰਜ ਕੇਸ ਦੇ ਮਾਮਲੇ ਵਿਚ ਕਾਂਗਰਸ ਨੂੰ ਘੇਰਨਾ ਹੈ, ਇਸ ਲਈ ਇਨ੍ਹਾਂ ਸਾਰੇ ਮੁੱਦਿਆਂ ਨੂੰ ਦਬਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਪਹਿਲਾਂ ਵਿਧਾਨ ਸਭਾ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਭਵਨ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ, ਫਿਰ ਸਾਰੇ 'ਆਪ' ਵਿਧਾਇਕਾਂ ਨੂੰ ਜਬਰੀ ਸਸਪੈਂਡ ਕਰ ਕੇ ਸੰਸਦ ਭਵਨ ਤੋਂ ਮਾਰਸ਼ਲਾਂ ਦੀ ਮਦਦ ਨਾਲ ਕੁਟਵਾ ਕੇ ਬਾਹਰ ਕਢਵਾਇਆ ਗਿਆ।  ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਆਉਣ ਵਾਲੇ ਦਿਨਾਂ ਵਿਚ 'ਆਪ' ਨੇਤਾਵਾਂ ਦੇ ਹੀ ਨਹੀਂ, ਸਗੋਂ ਪੰਜਾਬ ਦੀ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ।