ਪੰਜਾਬ ਤੇ ਗੋਆ ''ਚ ਹਾਰ ਤੋਂ ਬਾਅਦ ''ਆਪ'' ਲੱਭਣ ਲੱਗੀ ਰਾਜਸਥਾਨ ''ਚ ਆਧਾਰ

06/08/2017 5:57:42 AM

ਜਲੰਧਰ  (ਬੁਲੰਦ)  -  ਆਮ ਆਦਮੀ ਪਾਰਟੀ ਭਾਵੇਂ ਵਿਰੋਧੀਆਂ ਦੇ ਹਮਲਿਆਂ ਨਾਲ ਘਿਰੀ ਹੋਈ ਹੈ ਪਰ ਫਿਰ ਵੀ ਆਪਣੇ ਭਵਿੱਖ ਨੂੰ ਲੈ ਕੇ ਨਵੇਂ ਪਲਾਨ ਬਣਾਉਣ ਵਿਚ ਕਿਸੇ ਤੋਂ ਪਿੱਛੇ ਨਹੀਂ ਹੈ। ਪੰਜਾਬ ਤੇ ਗੋਆ ਵਿਚ ਹਾਰ ਦੇ ਬਾਵਜੂਦ 'ਆਪ' ਪਾਰਟੀ ਹੁਣ 2018 ਲਈ ਰਾਜਸਥਾਨ ਚੋਣਾਂ ਵਿਚ ਰਣਨੀਤੀ ਤਿਆਰ ਕਰਨ ਵਿਚ ਜੁਟ ਗਈ ਹੈ। ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਉਕਤ ਸੂਬੇ ਵਿਚ ਜ਼ਮੀਨੀ ਪੱਧਰ 'ਤੇ ਸਰਵੇਖਣ ਕਰਵਾਉਣੇ ਸ਼ੁਰੂ ਕੀਤੇ ਹਨ ਜਿਸ ਨਾਲ ਸੂਬੇ ਦੀ ਸਿਆਸੀ ਹਲਚਲ ਬਾਰੇ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ 'ਆਪ' ਪਾਰਟੀ ਰਾਜਸਥਾਨ ਦੀ ਕਾਂਗਰਸ ਵਿਚ ਪਈ ਦਰਾੜ ਅਤੇ ਵਸੁੰਧਰਾ ਰਾਜੇ ਸਰਕਾਰ ਪ੍ਰਤੀ ਲੋਕਾਂ ਵਿਚ ਫੈਲੀ ਵਿਰੋਧੀ ਲਹਿਰ ਦਾ ਲਾਭ ਲੈਣ ਦੀ ਕੋਸ਼ਿਸ਼ ਵਿਚ ਹੈ।
ਓਧਰ 'ਆਪ' ਪਾਰਟੀ ਦੇ ਰਾਜਸਥਾਨ ਵਿਚ ਐਕਟਿਵ ਇਕ ਨੇਤਾ ਦਾ ਕਹਿਣਾ ਸੀ ਕਿ ਜੇਕਰ ਗੱਲ ਰਾਜਸਥਾਨ ਕਾਂਗਰਸ ਸਰਕਾਰ ਦੀ ਕਰੀਏ ਤਾਂ ਲੋਕਾਂ ਵਿਚ ਵਸੁੰਧਰਾ ਸਰਕਾਰ ਦੇ ਵਿਰੁੱਧ ਸਪੱਸ਼ਟ ਗੁੱਸਾ ਪਾਇਆ ਜਾ ਰਿਹਾ ਹੈ ਕਿ ਉਕਤ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਦਲਿਤਾਂ ਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਰੋਕ ਸਕਣ ਵਿਚ ਵੀ ਅਸਫਲ ਰਹੀ ਹੈ। ਨਹੀਂ ਤਾਂ ਪਾਰਟੀ ਰਾਜਸਥਾਨ ਵਿਚ ਇਕ ਵਧੀਆ ਬਦਲ ਸਾਬਤ ਹੋ ਸਕਦੀ ਸੀ ਜੋ ਨਹੀਂ ਹੋ ਸਕੀ। ਇਸ ਲਈ 'ਆਪ' ਨੂੰ ਰਾਜਸਥਾਨ ਵਿਚ ਇਕ ਚੰਗਾ ਆਧਾਰ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਕਾਂਗਰਸ ਨੇ ਸੂਬਾਈ ਚੋਣਾਂ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਸੇ ਮਹੀਨੇ ਰਾਜਸਥਾਨ ਤੋਂ ਹਟਾ ਕੇ ਗੁਜਰਾਤ ਕਾਂਗਰਸ ਦਾ ਸਟੇਟ ਇੰਚਾਰਜ ਬਣਾਇਆ  ਹੈ ਤਾਂ ਕਿ ਸਚਿਨ ਪਾਇਲਟ ਲਈ ਰਾਜਸਥਾਨ ਕਾਂਗਰਸ ਦਾ ਪੂਰਾ ਭਾਰ ਸੰਭਾਲਣ ਲਈ ਰਾਹ ਆਸਾਨ ਹੋ ਸਕੇ। ਇਸ ਕਦਮ ਨਾਲ ਪਾਰਟੀ ਦੇ ਰਾਜਸਥਾਨ ਵਿਚ ਆਪਸੀ ਮੱਤਭੇਦ ਉਭਰ ਕੇ ਸਾਹਮਣੇ ਆਏ ਹਨ।
ਇਥੇ ਵਰਣਨਯੋਗ ਹੈ ਕਿ ਬੀਤੇ ਸਾਲ 'ਆਪ' ਪਾਰਟੀ ਨੇ ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੂੰ ਰਾਜਸਥਾਨ ਸਟੇਟ ਇੰਚਾਰਜ ਲਗਾਇਆ ਸੀ ਪਰ ਪਾਰਟੀ ਲੀਡਰਸ਼ਿਪ ਪੰਜਾਬ ਤੇ ਗੋਆ ਚੋਣਾਂ ਵਿਚ ਰੁੱਝੀ ਰਹੀ ਤੇ ਦਿੱਲੀ ਵਿਚ ਸਰਕਾਰ ਚਲਾਉਣ ਦਾ ਵੀ ਭਾਰ ਸੀ। ਇਸ ਲਈ ਪਾਰਟੀ ਨੇ ਸਿਸੋਦੀਆ ਨੂੰ ਦਿੱਲੀ ਵਾਪਸ ਬੁਲਾ ਲਿਆ ਅਤੇ ਰਾਜਸਥਾਨ ਦਾ ਭਾਰ ਕੁਮਾਰ ਵਿਸ਼ਵਾਸ ਦੇ ਮੋਢਿਆਂ 'ਤੇ ਪਾ ਦਿੱਤਾ ਗਿਆ ਪਰ ਅਜੇ ਤਕ ਕੁਮਾਰ ਨੇ ਰਾਜਸਥਾਨ ਦਾ ਕਾਰਜਾਰ ਸੰਭਾਲਿਆ ਨਹੀਂ ਹੈ ਅਤੇ ਨਾ ਹੀ ਉਥੇ ਵਾਲੰਟੀਅਰਾਂ ਨਾਲ ਸੰਪਰਕ ਸਥਾਪਤ ਕਰਨ ਦਾ ਯਤਨ ਕੀਤਾ ਹੈ। ਪੰਜਾਬ ਤੇ ਗੋਆ ਵਿਚ ਹਾਰ ਅਤੇ ਦਿੱਲੀ ਨਗਰ ਨਿਗਮ ਵਿਚ ਬੁਰਾ ਪ੍ਰਦਰਸ਼ਨ ਕਰਨ ਤੋਂ ਬਾਅਦ 'ਆਪ' ਪਾਰਟੀ ਦਿੱਲੀ ਵਿਚ ਆਪਣੀ ਸਰਕਾਰ ਸਹੀ ਢੰਗ ਨਾਲ ਚਲਾਉਣ ਵੱਲ ਧਿਆਨ ਦੇਣ 'ਚ ਜੁਟੀ ਹੈ। ਪਾਰਟੀ ਦਾ ਇਕ ਵਰਗ ਪਾਰਟੀ ਦੀਆਂ ਇਕਾਈਆਂ ਦੇਸ਼ ਭਰ ਵਿਚ ਗਠਿਤ ਕਰਨ ਲਈ ਕੋਸ਼ਿਸ਼ਾਂ ਵਿਚ ਜੁਟਿਆ ਹੈ ਪਰ ਫਿਲਹਾਲ ਪਾਰਟੀ ਗੁਜਰਾਤ ਦੀ ਯੋਜਨਾ ਨੂੰ ਰੋਕ ਕੇ ਸਾਰਾ ਧਿਆਨ ਰਾਜਸਥਾਨ ਵੱਲ ਲਗਾਉਣ ਵਿਚ ਹੀ ਬੇਹਤਰ ਸਮਝ ਰਹੀ ਹੈ।
'ਆਪ' ਵਲੋਂ ਇਸ ਸਾਲ ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਹੋਣ ਵਾਲੀਆਂ ਚੋਣਾਂ ਬਾਰੇ ਕੋਈ ਵੀ ਫੈਸਲਾ ਅਜੇ ਲਿਆ ਜਾਣਾ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸਟੇਟ ਯੂਨਿਟ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰਦੇ ਹਨ ਪਰ ਪਾਰਟੀ ਨੇ ਭਵਿੱਖ ਵਿਚ ਕਿਥੋਂ ਚੋਣ ਲੜਨੀ ਹੈ, ਇਸ ਬਾਰੇ ਅਜੇ ਕੋਈ ਹੁਕਮ ਜਾਰੀ ਨਹੀਂ ਹੋਏ ਪਰ ਜਲਦੀ ਹੀ ਇਸ ਬਾਰੇ ਫੈਸਲਾ ਲੈ ਕੇ ਪਾਰਟੀ ਨੇਤਾਵਾਂ ਅਤੇ ਵਾਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਸਕਦੀਆਂ ਹਨ।