''ਆਪ'' ਨੇ ਬਾਲਾਸਰ ਫਾਰਮ ਤੇ ਗੁੜਗਾਓਂ ਦੇ ਪਲਾਟ ਨੂੰ ਲੈ ਕੇ ਸੁਖਬੀਰ ਬਾਦਲ ''ਤੇ ਵਿੰਨ੍ਹਿਆ ਨਿਸ਼ਾਨਾ

11/03/2023 9:57:08 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ’ਤੇ ਪ੍ਰਤੀਕਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ 'ਚ ਬਾਲਾਸਰ ਫਾਰਮ, ਨਹਿਰ ਅਤੇ ਗੁੜਗਾਓਂ ਦੇ ਪਲਾਟ ਬਾਰੇ ਤੱਥਾਂ ਨੂੰ ਸਵੀਕਾਰ ਕੀਤਾ ਹੈ। ‘ਆਪ’ ਨੇ ਕਿਹਾ ਕਿ ਬਾਦਲ ਪਰਿਵਾਰ ਦਹਾਕਿਆਂ ਤੋਂ ਪੰਜਾਬੀਆਂ ਨੂੰ ਗੁੰਮਰਾਹ ਕਰਦਾ ਆ ਰਿਹਾ ਹੈ ਪਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਸੂਬੇ ਨਾਲ ਕੀਤੇ ਧੋਖੇ ਦੇ ਦਸਤਾਵੇਜ਼ ਸਾਹਮਣੇ ਲਿਆਂਦੇ ਹਨ ਤਾਂ ਸੁਖਬੀਰ ਬਾਦਲ ਵੀ ਪੁਰਾਣੇ ਦਸਤਾਵੇਜ਼ ਪੁੱਟਣ ਲਈ ਮਜਬੂਰ ਹੋ ਗਏ ਹਨ।

ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਬਾਦਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ 4 ਜੁਲਾਈ 1978 ਦੀ ਚਿੱਠੀ ਰਿਕਾਰਡ ’ਤੇ ਮੌਜੂਦ ਹੈ, ਜਿਸ ਵਿੱਚ ਉਨ੍ਹਾਂ ਹਰਿਆਣਾ ਤੋਂ ਐੱਸ.ਵਾਈ.ਐੱਲ. ਨਹਿਰ ਬਣਾਉਣ ਲਈ ਪੈਸੇ ਮੰਗੇ ਸਨ। ਸੁਪਰੀਮ ਕੋਰਟ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ ਚਿੱਠੀਆਂ ਦੀ ਤਸਦੀਕ ਕਰਦਿਆਂ ਆਪਣੇ ਫ਼ੈਸਲੇ 'ਚ ਕਿਹਾ ਕਿ ਪੰਜਾਬ ਸਰਕਾਰ ਐੱਸ.ਵਾਈ.ਐੱਲ. ਨਹਿਰ ਦੀ ਉਸਾਰੀ ਲਈ ਤਿਆਰ ਹੈ। ਬਾਦਲ ਪਰਿਵਾਰ ਕਾਰਨ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਕੇਸ ਹਾਰ ਗਈ।

ਇਹ ਵੀ ਪੜ੍ਹੋ : ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਆਟੋ ਰਿਕਸ਼ਾ ਪਲਟਿਆ, 4 ਸਾਲਾ ਬੱਚੀ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਜੰਗ

ਅਕਾਲੀ ਦਲ ਬਾਦਲ ’ਤੇ ਚੁਟਕੀ ਲੈਂਦਿਆਂ ਕੰਗ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ 'ਚ ਉਨ੍ਹਾਂ ਦੀ ਕੁਰਬਾਨੀ ਦਾ ਕਮਾਲ ਹੈ ਕਿ ਜਦੋਂ ਪੰਜਾਬੀਆਂ ਨੇ ਸੂਬੇ ਦੇ ਰਿਪੇਰੀਅਨ ਹੱਕਾਂ ਲਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਬਾਦਲ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਕਹਿ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹਰ ਰੋਜ਼ ਮੋਰਾਰਜੀ ਦੇਸਾਈ ਕੋਲ ਜਾ ਰਹੇ ਸੀ ਤਾਂ ਫਿਰ ਉਹ ਐੱਸ.ਵਾਈ.ਐੱਲ. ਬਣਾਉਣ ਲਈ ਹਰਿਆਣਾ ਤੋਂ ਫੰਡਾਂ ਦੀ ਮੰਗ ਕਰਨ ਲਈ ਪੱਤਰ ਕਿਉਂ ਲਿਖ ਰਹੇ ਸਨ ਅਤੇ ਅਦਾਲਤ ਨੇ ਕਿਉਂ ਨੋਟ ਕੀਤਾ ਕਿ ਪੰਜਾਬ ਸਰਕਾਰ ਐੱਸ.ਵਾਈ.ਐੱਲ. ਬਣਾਉਣਾ ਚਾਹੁੰਦੀ ਹੈ?

ਕੰਗ ਨੇ ਕਿਹਾ ਕਿ ਗਿਆਨੀ ਜੈਲ ਸਿੰਘ ਨੇ ਨਹਿਰ ਬਣਾਉਣ ਲਈ ਹਰਿਆਣਾ ਤੋਂ 1 ਕਰੋੜ ਦਾ ਪਹਿਲਾ ਚੈੱਕ ਸਵੀਕਾਰ ਕੀਤਾ, ਫਿਰ ਜੁਲਾਈ 1978 'ਚ ਬਾਦਲ ਸਰਕਾਰ ਨੇ 3 ਕਰੋੜ ਰੁਪਏ ਹਰਿਆਣਾ ਨੂੰ ਲਿਖ ਕੇ 31 ਮਾਰਚ 1979 ਨੂੰ 1.5 ਕਰੋੜ ਰੁਪਏ ਪ੍ਰਾਪਤ ਕੀਤੇ। ਭਾਖੜਾ ਮੇਨ ਲਾਈਨ ਸੀ, ਜੋ ਕਿ 1955 ਵਿੱਚ ਬਣੀ, ਇਹ ਸੱਚ ਹੈ ਪਰ ਬਾਲਾਸਰ ਨਹਿਰ 2004 ਤੱਕ ਸੁੱਕ ਚੁੱਕੀ ਸੀ। ਇਹ ਬਾਦਲ ਪਰਿਵਾਰ ਦਾ ਹਰਿਆਣਾ ਦੇ ਚੌਟਾਲਿਆਂ ਨਾਲ ਅਣਲਿਖਤ ਸਮਝੌਤਾ ਸੀ ਕਿ ਉਸ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਮਿਲ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸਕੂਲਾਂ ਨੂੰ ਲੈ ਕੇ ਲਿਆ ਇਕ ਹੋਰ ਅਹਿਮ ਫ਼ੈਸਲਾ, ਸਿੱਖਿਆ ਮੰਤਰੀ ਨੇ ਕੀਤਾ ਖੁਲਾਸਾ

ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਟਰ ਟਰਮੀਨੇਸ਼ਨ ਐਕਟ ਦੀ ਧਾਰਾ 5 ਨੂੰ ਖ਼ਤਮ ਕਰਨ ਦੇ ਵਾਅਦੇ ’ਤੇ 2007 ਵਿੱਚ ਬਾਦਲਾਂ ਨੇ ਮੁੜ ਪੰਜਾਬ 'ਚ ਆਪਣੀ ਸਰਕਾਰ ਬਣਾਈ ਪਰ ਉਨ੍ਹਾਂ ਦੀ ਸਰਕਾਰ ਬਣਨ ਅਤੇ 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਇਸ ਧਾਰਾ ਨੂੰ ਖ਼ਤਮ ਨਹੀਂ ਕੀਤਾ। ਹਰਿਆਣਾ ਅਤੇ ਰਾਜਸਥਾਨ ਨੂੰ ਵਾਧੂ ਪਾਣੀ ਮਿਲਣਾ ਜਾਰੀ ਹੈ। ਹਰਿਆਣਾ ਨੂੰ ਸਤਲੁਜ ਤੋਂ 4.35 ਐੱਮ.ਏ.ਐੱਫ਼. ਅਤੇ ਰਾਵੀ-ਬਿਆਸ ਤੋਂ 1.62 ਐੱਮ.ਏ.ਐੱਫ਼. ਮਿਲਦਾ ਹੈ, ਜਦੋਂ ਇਹ ਦੋਵੇਂ ਦਰਿਆ ਕਦੇ ਵੀ ਹਰਿਆਣਾ ਦੀ ਧਰਤੀ ਨੂੰ ਨਹੀਂ ਛੂਹਦੇ ਸਨ। ਕੰਗ ਨੇ ਪੁੱਛਿਆ ਕਿ ਕਸੂਰ ਕਿਸ ਦਾ ਹੈ? ਉਨ੍ਹਾਂ ਹਰਿਆਣਾ ਨੂੰ ਹੋਰ ਪਾਣੀ ਦੇਣ ਲਈ ਬੀ.ਐੱਮ.ਐੱਲ. ਦੇ ਕਿਨਾਰਿਆਂ ਨੂੰ 1-1.5 ਫੁੱਟ ਉੱਚਾ ਕੀਤਾ। ਇਨ੍ਹਾਂ ਲੋਕਾਂ ਨੇ ਸਿਰਫ ਪੰਜਾਬ ਅਤੇ ਇਸ ਦੇ ਵਸੀਲਿਆਂ ਨੂੰ ਲੁੱਟਿਆ ਤੇ ਦੂਜੀਆਂ ਪਾਰਟੀਆਂ ਦਾ ਪੱਖ ਲੈਣ ਲਈ ਵਰਤਿਆ।

ਕੰਗ ਨੇ ਕਿਹਾ ਕਿ ਦਰਅਸਲ ਬਾਦਲ ਪਰਿਵਾਰ ਐੱਸ.ਵਾਈ.ਐੱਲ. ਲਈ ਜ਼ਮੀਨ ਐਕਵਾਇਰ ਕਰਨ, ਸੁਪਰੀਮ ਕੋਰਟ 'ਚ ਕੇਸ ਹਾਰਨ, ਪੰਜਾਬ ਦੇ ਰਿਪੇਰੀਅਨ ਹੱਕਾਂ ’ਤੇ ਡਾਕਾ ਮਾਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਇਸ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਤੋਂ ਉਪਰ ਉੱਠ ਕੇ ਆਪਣੇ ਸਵਾਰਥਾਂ ਨੂੰ ਪਹਿਲ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh