''ਆਪ'' ਨੇ ਪਾਰਟੀ ਢਾਂਚਾ ਮੁੜ ਗਠਨ ਦਾ ਕੀਤਾ ਆਗਾਜ਼, ਸ਼ੇਰਗਿੱਲ ਦਾ ਨਾਮ ਕਿਤੇ ਵੀ ਨਹੀਂ

07/17/2017 6:08:24 AM

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ ਨੇ ਪਿਛਲੇ ਕਾਫ਼ੀ ਸਮੇਂ ਤੋਂ ਲੰਬਿਤ ਪਾਰਟੀ ਢਾਂਚੇ ਦੇ ਮੁੜ ਗਠਨ ਦੀ ਸ਼ੁਰੂਆਤ ਐਤਵਾਰ ਨੂੰ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਕੇ ਕਰ ਦਿੱਤੀ। 'ਆਪ' ਵਲੋਂ ਪਹਿਲੀ ਸੂਚੀ 'ਚ ਸੂਬਾ ਅਹੁਦੇਦਾਰਾਂ ਤੇ ਜ਼ੋਨ ਪ੍ਰਧਾਨ ਨਾਮਜ਼ਦ ਕੀਤੇ ਹਨ। ਆਪ ਅਹੁਦੇਦਾਰਾਂ ਦੀ ਸੂਚੀ ਪਾਰਟੀ ਦੇ ਪੰਜਾਬ ਸਹਿ-ਪ੍ਰਧਾਨ ਤੇ ਮੁੜ ਗਠਨ ਦੀ ਜ਼ਿੰਮੇਵਾਰੀ ਨਿਭਾ ਰਹੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਜਾਰੀ ਕੀਤੀ ਗਈ।
ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਅਹੁਦੇਦਾਰਾਂ ਦੀ ਚੋਣ ਕਰਨ ਲਈ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਤੇ ਪਾਰਟੀ ਦੇ ਸੂਬਾ ਪੱਧਰੀ ਆਗੂਆਂ ਨਾਲ ਵਿਚਾਰ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ ਤੇ ਸੂਚੀ ਤਿਆਰ ਕਰਨ ਤੋਂ ਬਾਅਦ ਸੂਬੇ ਦੇ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਤੋਂ ਵੀ ਸਹਿਮਤੀ ਲੈ ਲਈ ਗਈ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਸੂਬੇ 'ਚ ਕੀਤੇ ਗਏ 'ਆਪ ਆਪਣਿਆਂ ਦੇ ਨਾਲ' ਪ੍ਰੋਗਰਾਮ 'ਚ ਪਾਰਟੀ ਵਲੰਟਰੀਆਂ ਨਾਲ ਹੋਈ ਗੱਲਬਾਤ ਨੇ ਇਨ੍ਹਾਂ ਨਿਯੁਕਤੀਆਂ ਨੂੰ ਫਾਈਲ ਕਰਨ 'ਚ ਬਹੁਤ ਮਦਦ ਦਿੱਤੀ ਹੈ। ਪਹਿਲੀ ਸੂਚੀ 'ਚ ਸੂਬੇ ਦੇ ਅਹੁਦੇਦਾਰਾਂ ਦੇ ਨਾਲ-ਨਾਲ ਪੰਜਾਬ ਨੂੰ 5 ਜ਼ੋਨ 'ਚ ਵੰਡਦੇ ਹੋਏ ਜ਼ੋਨ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ।
ਇਸ ਤਰ੍ਹਾਂ ਆਉਣ ਵਾਲੇ ਦਿਨਾਂ 'ਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ 'ਚ ਜ਼ਿਲਾ ਪ੍ਰਧਾਨ, ਵਿੰਗ ਪ੍ਰਧਾਨ ਤੇ ਜ਼ੋਨ ਦੇ ਅਹੁਦੇਦਾਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ 8 ਪਰਤਾਂ ਦਾ ਸੰਗਠਨ ਬਣਾ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਸੂਬਾ, ਜ਼ੋਨ, ਜ਼ਿਲਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ/ਵਾਰਡ ਤੇ ਬੂਥ, ਪੱਧਰ 'ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।
ਜਾਰੀ ਕੀਤੀ ਗਈ ਸੂਚੀ ਅਨੁਸਾਰ ਸੂਬਾ ਕਾਰਜਕਾਰਨੀ 'ਚ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਸ਼ਾਮਲ ਰਹਿਣਗੇ। ਸੂਬਾ ਸਕੱਤਰ ਦੇ ਤੌਰ 'ਤੇ ਗੁਲਸ਼ਨ ਛਾਬੜਾ, ਗੈਰੀ ਤੇ ਸੁਖਵਿੰਦਰ ਸਿੰਘ ਨੂੰ ਖਜ਼ਾਨਚੀ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ।
ਇਸ ਤਰ੍ਹਾਂ ਪਾਰਟੀ ਦੇ ਉਪ ਪ੍ਰਧਾਨ ਦੇ ਰੂਪ 'ਚ ਡਾ. ਬਲਬੀਰ ਸਿੰਘ, ਚਰਨਜੀਤ ਚੰਨੀ, ਬਲਦੇਵ ਸਿੰਘ ਆਜ਼ਾਦ, ਆਸ਼ੂਤੋਸ਼ ਟੰਡਨ, ਕੁਲਦੀਪ ਧਾਲੀਵਾਲ, ਕਰਨਬੀਰ ਟਿਵਾਣਾ ਤੇ ਹਰੀ ਸਿੰਘ ਟੌਹੜਾ ਕੰਮ ਕਰਨਗੇ। ਪਾਰਟੀ ਵਲੋਂ 19 ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ 'ਚ ਸੁਖਦੀਪ ਸਿੰਘ ਅਪਰਾ, ਜਸਵੀਰ ਸਿੰਘ ਰਾਜਾ ਗਿੱਲ, ਅਹਿਬਾਬ ਸਿੰਘ ਗਰੇਵਾਲ, ਡਾ. ਰਵਜੋਤ, ਮਨੀਸ਼, ਜਰਨੈਲ ਸਿੰਘ ਮਨੂ, ਨਵਜੋਤ ਸਿੰਘ ਜਰਗ, ਕੁਲਦੀਪ ਸਿੰਘ, ਸੰਤੋਖ ਸਿੰਘ, ਹਰਿੰਦਰ ਸਿੰਘ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਬਿੱਟੂ, ਪਲਵਿੰਦਰ ਕੌਰ, ਦਲਬੀਰ ਸਿੰਘ ਟੌਂਗ, ਲਖਵੀਰ ਸਿੰਘ, ਭੁਪਿੰਦਰ ਗੋਰਾ, ਪ੍ਰਦੀਪ ਮਲਹੋਤਰਾ, ਬਲਵਿੰਦਰ ਸਿੰਘ ਤੇ ਅਜੇ ਸ਼ਰਮਾ ਸ਼ਾਮਲ ਹਨ।
ਪਾਰਟੀ ਦੀ ਸੂਬਾ ਪੱਧਰੀ ਅਨੁਸ਼ਾਸਨ ਕਮੇਟੀ 'ਚ ਡਾ. ਇੰਦਰਬੀਰ ਨਿੱਝਰ, ਸਾਬਕਾ ਆਈ. ਏ. ਐੱਸ. ਜਸਬੀਰ ਸਿੰਘ ਬੀਰ, ਕਰਨਲ (ਰਿ.) ਭਲਿੰਦਰ  ਸਿੰਘ, ਬ੍ਰਿਗੇਡੀਅਰ (ਰਿ.) ਰਾਜ ਕੁਮਾਰ ਤੇ ਰਾਜ ਲਾਲੀ ਗਿੱਲ ਜ਼ਿੰਮੇਵਾਰੀ ਸੰਭਾਲਣਗੇ।
ਇਸ ਤਰ੍ਹਾਂ ਪੰਜਾਬ ਨੂੰ ਪੰਜ ਜ਼ੋਨ 'ਚ ਵੰਡਦੇ ਹੋਏ ਜ਼ੋਨ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਜ਼ੋਨ-ਮਾਂਝਾ ਜਿਸ 'ਚ ਸੂਬੇ ਦੇ ਜ਼ਿਲਾ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਤੇ ਤਰਨਤਾਰਨ ਨੂੰ ਰੱਖਿਆ ਗਿਆ ਹੈ, ਦੇ ਲਈ ਕੰਵਰਪ੍ਰੀਤ ਕਾਕੀ ਨੂੰ ਪ੍ਰਧਾਨ ਲਾਇਆ ਗਿਆ ਹੈ। ਜ਼ੋਨ-ਦੋਆਬਾ, ਜਿਸ 'ਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ, ਦੇ ਜ਼ੋਨ ਪ੍ਰਧਾਨ ਦੇ ਤੌਰ 'ਤੇ ਪਰਮਜੀਤ ਸਿੰਘ ਸਚਦੇਵਾ ਦੀ ਨਿਯੁਕਤੀ ਹੋਈ ਹੈ।  ਮਾਲਵਾ ਦੇ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਮਾਨਸਾ ਨੂੰ ਮਾਲਵਾ ਜ਼ੋਨ-1 ਦਾ ਨਾਮ ਦਿੱਤਾ ਗਿਆ ਹੈ ਤੇ ਇਸ ਦੀ ਜ਼ਿੰਮੇਵਾਰੀ ਅਨਿਲ ਠਾਕੁਰ ਨੂੰ ਸੌਂਪੀ ਗਈ ਹੈ। ਮਾਲਵਾ-2 'ਚ ਫਰੀਦਕੋਟ, ਮੋਗਾ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਜ਼ਿਲਿਆਂ ਦਾ ਜ਼ਿੰਮਾ ਗੁਰਦਿੱਤ ਸਿੰਘ ਸੇਖਾਂ ਨੂੰ ਦਿੱਤਾ ਗਿਆ ਹੈ। ਬਰਨਾਲਾ, ਸੰਗਰੂਰ, ਪਟਿਆਲਾ, ਐੱਸ. ਏ. ਐੱਸ. ਨਗਰ ਤੇ ਰੋਪੜ ਜ਼ਿਲਿਆਂ 'ਤੇ ਆਧਾਰਿਤ ਮਾਲਵਾ ਜ਼ੋਨ-3 ਦੇ ਪ੍ਰਧਾਨ ਦੇ ਤੌਰ 'ਤੇ ਦਲਬੀਰ ਸਿੰਘ ਢਿੱਲੋਂ ਨੂੰ ਤਾਇਨਾਤ ਕੀਤਾ ਗਿਆ ਹੈ।
ਸ਼ੇਰਗਿੱਲ ਦਾ ਨਾਮ ਕਿਤੇ ਵੀ ਨਹੀਂ
ਆਮ ਆਦਮੀ ਪਾਰਟੀ ਵਲੋਂ ਪਾਰਟੀ ਢਾਂਚੇ ਦੇ ਪੁਨਰਗਠਨ ਦੇ ਤਹਿਤ ਜਾਰੀ ਕੀਤੀ ਗਈ ਪਹਿਲੀ ਸੂਚੀ 'ਚ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਹਾਵੀ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਆਪ ਦੀ ਕਮਾਨ ਸੰਭਾਲਣ ਵਾਲੀ ਦਿੱਲੀ ਦੀ ਪੁਰਾਣੀ ਟੀਮ ਦੇ ਖਾਸ ਤੇ ਨਜ਼ਦੀਕੀ ਰਹੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਇਸ ਸੂਚੀ 'ਚ ਕਿਤੇ ਵੀ ਥਾਂ ਨਹੀਂ ਦਿੱਤੀ ਗਈ ਹੈ। ਹਾਲਾਂਕਿ ਸ਼ੇਰਗਿੱਲ ਪਾਰਟੀ ਵਲੋਂ ਪਹਿਲਾਂ ਲੋਕ ਸਭਾ ਤੇ ਫਿਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ।