ਦੜੇ-ਸੱਟੇ ਵਾਲਿਆਂ ਖ਼ਿਲਾਫ਼ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੇ ਲਾਇਆ ਧਰਨਾ, ਪੁਲਸ ’ਤੇ ਲਾਏ ਮਿਲੀਭੁਗਤ ਦੇ ਦੋਸ਼

03/05/2024 12:49:04 AM

ਜਲੰਧਰ (ਮਹੇਸ਼)– ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਖ਼ੁਦ ਵੈਸਟ ਖ਼ੇਤਰ ’ਚ ਚੱਲ ਰਹੇ ਨਾਜਾਇਜ਼ ਸੱਟੇਬਾਜ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਅੱਜ ਉਨ੍ਹਾਂ ਨੇ ਲਾਈਵ ਹੋ ਕੇ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੀ ਲਾਟਰੀ ਦੀ ਦੁਕਾਨ ’ਤੇ ਜਾ ਕੇ ਸਿੱਧੇ ਤੌਰ ’ਤੇ ਦੋਸ਼ ਲਾਇਆ ਕਿ ਇਹ ਧੰਦਾ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਇਸ ਗੈਰ-ਕਾਨੂੰਨੀ ਕਾਰੋਬਾਰ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਉਹ ਵੈਸਟ ਹਲਕੇ ’ਚ ਦੜੇ-ਸੱਟੇ ਦਾ ਕਾਰੋਬਾਰ ਕਿਸੇ ਵੀ ਕੀਮਤ ’ਤੇ ਨਹੀਂ ਚੱਲਣ ਦੇਣਗੇ।

ਸ਼ੀਤਲ ਨੇ ਕਿਹਾ ਕਿ ਸੱਟੇਬਾਜ਼ ਆਪਣੀਆਂ ਨਾਜਾਇਜ਼ ਦੁਕਾਨਾਂ ’ਤੇ ਸਰਕਾਰੀ ਲਾਟਰੀ ਦੇ ਝੂਠੇ ਲੋਗੋ ਲਗਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਤੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਬਸਤੀ ਬਾਵਾ ਖੇਲ ਨਹਿਰ ਨੇੜੇ ਧਰਨਾ ਵੀ ਦਿੱਤਾ ਤੇ ਸਬੰਧਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਵੀ ਲੰਮੇ ਹੱਥੀਂ ਲਿਆ। ਜਿਵੇਂ ਹੀ ਸ਼ੀਤਲ ਅੰਗੁਰਾਲ ਦੇ ਧਰਨੇ ਦੀ ਸੂਚਨਾ ਪੁਲਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਇਲਾਕੇ ’ਚ ਸੱਟੇ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ 7 ਸੱਟੇਬਾਜ਼ਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ : ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ

ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੱਟੇਬਾਜ਼ ਸੌਰਵ ਤੇ ਅਨਿਲ ਨੂੰ ਸ਼ਕਤੀ ਪਾਰਕ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਨੰਬਰ 49 ਦਰਜ ਕੀਤੀ ਗਈ ਹੈ, ਜਦਕਿ ਬਸਤੀ ਬਾਵਾ ਖੇਲ ਨਹਿਰ ਦੇ ਨਾਲ ਲੱਗਦੀ ਮੇਨ ਕਪੂਰਥਲਾ ਰੋਡ ’ਤੇ ਲਾਟਰੀ ਦੀ ਆੜ ’ਚ ਸੱਟੇ ਦਾ ਧੰਦਾ ਕਰਨ ਵਾਲੇ 5 ਸੱਟੇਬਾਜ਼ ਸ਼ੇਖਰ, ਕਰਨ ਵਰਮਾ, ਦੀਪਕ, ਅਨਿਲ ਕੁਮਾਰ ਤੇ ਅਮਰਜੀਤ ਸਿੰਘ ਦੇ ਖ਼ਿਲਾਫ਼ ਐੱਫ. ਆਈ. ਆਰ. ਨੰਬਰ 50 ਦਰਜ ਕੀਤੀ ਗਈ ਹੈ।

ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਆਈ. ਪੀ. ਸੀ. ਦੀ ਧਾਰਾ 420 ਤੇ ਜੂਆ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਲੈਪਟਾਪ, ਸੱਟੇਬਾਜ਼ੀ ਦੀਆਂ ਪਰਚੀਆਂ ਤੇ 21 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਸ ਵਲੋਂ ਹਿਰਾਸਤ ’ਚ ਲਏ ਗਏ ਸੱਟੇਬਾਜ਼ਾਂ ਤੋਂ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh