''ਆਪ'' ਵਿਧਾਇਕ ਦੀ ਟੀਮ ਦਾ ਛਾਪਾ, ਸਰਕਾਰੀ ਬੱਸਾਂ ''ਚੋਂ ਤੇਲ ਚੋਰੀ ਕਰਨ ਵਾਲਿਆਂ ਨੂੰ ਕੀਤਾ ਕਾਬੂ

05/26/2022 2:47:55 PM

ਖੰਨਾ (ਵਿਪਨ) : ਖੰਨਾ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਣ ਪ੍ਰੀਤ ਸਿੰਘ ਸੌਂਦ ਦੀ ਟੀਮ ਨੇ ਛਾਪੇਮਾਰੀ ਕਰਕੇ ਸਰਕਾਰੀ ਬੱਸਾਂ 'ਚੋਂ ਡੀਜ਼ਲ ਚੋਰੀ ਕਰ ਰਹੇ ਲੋਕਾਂ ਨੂੰ ਰੰਗੇ ਹੱਥੀਂ ਫੜ੍ਹਿਆ। ਜਾਣਕਾਰੀ ਦਿੰਦੇ ਹੋਏ ਵਿਧਾਇਕ ਸੌਂਦ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਸੂਚਨਾ ਮਿਲੀ ਸੀ ਕਿ ਸਰਕਾਰੀ ਬੱਸ 'ਚੋਂ ਡੀਜ਼ਲ ਚੋਰੀ ਹੋ ਰਿਹਾ ਹੈ। ਵਿਧਾਇਕ ਨੇ ਟੀਮ ਦੀ ਡਿਊਟੀ ਲਾ ਕੇ ਟਰੈਪ ਲਾਇਆ। ਇਸ ਟਰੈਪ 'ਚ ਉਨ੍ਹਾਂ ਨੂੰ ਸਫ਼ਲਤਾ ਮਿਲੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਪੁਲਸ ਵੱਲੋਂ ਐਡਵਾਈਜ਼ਰੀ ਜਾਰੀ, ਵਟਸਐਪ ’ਤੇ ਧੋਖਾਧੜੀ ਕਰਨ ਵਾਲਿਆਂ ਤੋਂ ਬਚੋ

ਇਸ ਦੌਰਾਨ ਟੀਮ ਨੇ ਖੰਨਾ ਬੱਸ ਅੱਡੇ ਵਿਖੇ ਸਰਕਾਰੀ ਬੱਸ 'ਚੋਂ ਡੀਜ਼ਲ ਕੱਢ ਰਹੇ ਡਰਾਈਵਰ ਅਤੇ ਡੀਜ਼ਲ ਖਰੀਦਣ ਲਈ ਆਏ ਇਕ ਟਾਇਰ ਕਾਰੋਬਾਰੀ ਨੂੰ ਕਾਬੂ ਕੀਤਾ। ਵਿਧਾਇਕ ਨੇ ਕਿਹਾ ਕਿ ਇਹ ਗੋਰਖਧੰਦਾ ਕਰੀਬ 8 ਸਾਲਾਂ ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਤਰੀਕੇ ਸਾਲ 'ਚ ਲੱਖਾਂ ਰੁਪਏ ਦਾ ਤੇਲ ਚੋਰੀ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਚੋਰੀ ਕਰੋੜਾਂ ਰੁਪਏ ਦੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਪੰਜਾਬ ਦੇ ਸਰਕਾਰੀ ਹਸਪਤਾਲ PGI 'ਚ ਸਿੱਧਾ ਰੈਫ਼ਰ ਨਹੀਂ ਕਰ ਸਕਣਗੇ ਮਰੀਜ਼, ਜਾਣੋ ਕਾਰਨ

ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਾਣੂੰ ਕਰਵਾਇਆ ਜਾਵੇਗਾ। ਪੁਲਸ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਹੈ ਕਿ ਫੜ੍ਹੇ ਗਏ ਵਿਅਕਤੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇ। ਫੜ੍ਹੇ ਗਏ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਖੰਨਾ ਦੇ ਰਤਨਹੇੜੀ ਰੋਡ 'ਤੇ ਰਹਿੰਦਾ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਸਿਆਸੀ ਪਾਰਟੀਆਂ ਨੂੰ 10 ਦਿਨਾਂ 'ਚ ਕਰਨਾ ਪਵੇਗਾ ਉਮੀਦਵਾਰਾਂ ਦੇ ਨਾਂ ਦਾ ਫ਼ੈਸਲਾ

ਉਨ੍ਹਾਂ ਦੀ ਬੱਸ ਖੰਨਾ ਤੋਂ ਸਿਰਸਾ ਚੱਲਦੀ ਹੈ। ਉਹ ਇਕ ਮਹੀਨੇ ਤੋਂ ਇਸ ਰੂਟ 'ਤੇ ਆਏ ਹਨ। ਉਸ ਨੇ ਦੱਸਿਆ ਕਿ ਉਸ ਨੇ ਡੀਜ਼ਲ ਇਕ-ਦੋ ਵਾਰ ਹੀ ਕੱਢ ਕੇ ਵੇਚਿਆ ਹੈ। ਡੀਜ਼ਲ ਖ਼ਰੀਦਣ ਵਾਲੇ ਕਾਰੋਬਾਰੀ ਨੇ ਕਿਹਾ ਕਿ ਉਹ ਸਸਤੇ ਭਾਅ 'ਤੇ ਡੀਜ਼ਲ ਲੈਂਦਾ ਸੀ। ਦੋਵੇਂ ਮੰਨਦੇ ਹਨ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita