ਪੰਜਾਬ ’ਚ ਵੱਡਾ ਦਾਅ ਖੇਡਣ ਦੀ ਤਿਆਰੀ ’ਚ ‘ਆਪ’, ਸੰਤ ਸੀਚੇਵਾਲ ਨੂੰ ਭੇਜਿਆ ਜਾ ਸਕਦੈ ਰਾਜ ਸਭਾ

05/28/2022 1:58:15 PM

ਚੰਡੀਗੜ੍ਹ : ਰਾਜ ਸਭਾ ਲਈ ਪੰਜਾਬ ਦੀਆਂ ਦੋ ਸੀਟਾਂ ’ਤੇ 10 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਦੇ ਕੋਟੇ ਵਿਚ ਆਉਣੀਆਂ ਤੈਅ ਹਨ। ਇਸ ਲਈ ਆਮ ਆਦਮੀ ਪਾਰਟੀ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਭੇਜ ਸਕਦੀ ਹੈ। ਦਰਅਸਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਤ ਸੀਚੇਵਾਲ ਨਾਲ ਮੁਲਾਕਾਤ ਹੋਈ ਸੀ, ਇਸ ਮੁਲਾਕਾਤ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ‘ਆਪ’ ਉਨ੍ਹਾਂ ਨੂੰ ਰਾਜ ਸਭਾ ਭੇਜ ਸਕਦੀ ਹੈ। ਉਧਰ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਫਾਇਦਾ ਹੋਣਾ ਤੈਅ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਨੇ ਵੀ ਸੀਚੇਵਾਲ ਨੂੰ ਰਾਜ ਸਭਾ ਭੇਜਣ ਦਾ ਪ੍ਰਸਤਾਅ ਦਿੱਤਾ ਹੈ। ਪਿਛਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ਤੋਂ ਬਾਅਦ ਇਹ ਗੱਲ ਦੀ ਚਰਚਾ ਵੀ ਛਿੜੀ ਸੀ ਕਿ ਭਾਜਪਾ ਅਜਿਹੀ ਸ਼ਖਸੀਅਤ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ, ਜਿਸ ਦੇ ਕੰਮ ਦੀ ਵਿਸ਼ਵ ਪੱਧਰ ’ਤੇ ਪ੍ਰਸ਼ੰਸਾ ਹੋਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ, ਕਰਨਗੇ ਵੱਡਾ ਧਮਾਕਾ

ਸੀਚੇਵਾਲ ਨਾਲ ਜੁੜੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਕਿਸੇ ਪਾਰਟੀ ਨੂੰ ਹਾਂ ਨਹੀਂ ਕੀਤੀ ਹੈ। ਉਹ ਸਿਆਸਤ ਵਿਚ ਉਤਰਣ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ। ‘ਆਪ’ ਇਨ੍ਹਾਂ ਦੋ ਸੀਟਾਂ ਨੂੰ ਲੈ ਕੇ ਜ਼ਿਆਦਾ ਗੰਭੀਰ ਹੈ ਕਿਉਂਕਿ ਅਪ੍ਰੈਲ ਵਿਚ ਪੰਜ ਸੀਟਾਂ ਲਈ ਰਾਜ ਸਭਾ ਭੇਜੇ ਗਏ ਲੋਕਾਂ ਦੀ ਚੋਣ ਨੂੰ ਲੈ ਕੇ ਪਾਰਟੀ ਦੀ ਕਾਫੀ ਕਿਰਕਿਰੀ ਹੋਈ ਸੀ। ਕ੍ਰਿਕਟਰ ਹਰਭਜਨ ਸਿੰਘ ਨੂੰ ਛੱਡ ਕੇ ‘ਆਪ’ ਨੇ ਕਿਸੇ ਵੀ ਸਿੱਖ ਨੂੰ ਰਾਜ ਸਭਾ ਨਹੀਂ ਭੇਜਿਆ। ਦੋ ਸੀਟਾਂ ਪੰਜਾਬ ਤੋਂ ਬਾਹਰ ਦੇ ਆਗੂਆਂ ਨੂੰ ਵੀ ਦਿੱਤੀਆਂ ਗਈਆਂ। ਇਸ ’ਤੇ ਵਿਰੋਧੀ ਪਾਰਟੀਆਂ ਨੇ ਵੀ ‘ਆਪ’ ਨੂੰ ਨਿਸ਼ਾਨੇ ’ਤੇ ਲਿਆ। ਲਿਹਾਜ਼ਾ ਆਮ ਆਦਮੀ ਪਾਰਟੀ ਹੁਣ ਦੋ ਅਜਿਹੇ ਉਮੀਦਵਾਰਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਹੈ ਜੋ ਸਿੱਖ ਹੋਣ ਦੇ ਨਾਲ ਨਾਲ ਪੰਜਾਬ ਵਿਚੋਂ ਹੀ ਹੋਣ ਅਤੇ ਸਮਾਜ ਵਿਚ ਚੰਗਾ ਰੁਤਬਾ ਰੱਖਦੇ ਹੋਣ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ, ਕਸੂਤੀ ਸਥਿਤੀ ’ਚ ਫਸਿਆ ਸ਼੍ਰੋਮਣੀ ਅਕਾਲੀ ਦਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh