''ਆਪ'' ਦੇ ਵਿਧਾਇਕਾਂ ਨੇ ਮੌਜੂਦਾ ਹਾਲਾਤ ''ਤੇ ਕੀਤੀ ਚਰਚਾ

09/04/2017 3:34:53 AM

ਲੁਧਿਆਣਾ, (ਸਲੂਜਾ)-   ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਹੋਣ ਤੋਂ ਬਾਅਦ ਪੰਜਾਬ 'ਚ ਪੈਦਾ ਹੋਏ ਹਾਲਾਤ 'ਤੇ ਚਰਚਾ ਕਰਨ ਲਈ ਅੱਜ ਦੇਰ ਸ਼ਾਮ ਤੱਕ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸਵ. ਜਗਦੇਵ ਸਿੰਘ ਜੱਸੋਵਾਲ ਦੇ ਨਿਵਾਸ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਹੋਈ।
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹਰ ਫਰੰਟ 'ਤੇ ਨਾਕਾਮ ਦੱਸਦੇ ਹੋਏ ਕਿਹਾ ਕਿ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਰਜ਼ੇ 'ਤੇ ਲਕੀਰ ਫੇਰ ਦਿੱਤੀ ਜਾਵੇਗੀ ਪਰ ਇਕ ਵੀ ਕਿਸਾਨ ਦਾ ਇਕ ਵੀ ਪੈਸਾ ਮੁਆਫ ਨਹੀਂ ਹੋਇਆ। ਜਨਤਾ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਦੇ ਜੋ ਵਾਅਦੇ ਕੀਤੇ ਗਏ, ਉਨ੍ਹਾਂ ਤੋਂ ਵੀ ਹੁਣ ਸਰਕਾਰ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ। ਅੱਜ ਹਾਲਾਤ ਤਾਂ ਇਹ ਹਨ ਕਿ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਦੇਣ ਲਈ ਸਰਕਾਰ ਦੇ ਕੋਲ ਫੰਡ ਨਹੀਂ ਹੈ ਤਾਂ ਇਹ ਸਰਕਾਰ ਵਿਕਾਸ ਕੀ ਕਰੇਗੀ।
ਭਗਵੰਤ ਮਾਨ ਨੇ ਸਵ. ਜਗਦੇਵ ਸਿੰਘ ਜੱਸੋਵਾਲ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਜੱਸੋਵਾਲ ਦੇ ਪੋਤੇ ਅਮਰਿੰਦਰ ਸਿੰਘ ਜੱਸੋਵਾਲ ਨੇ ਇਹ ਮੰਗ ਕੀਤੀ ਕਿ ਉਨ੍ਹਾਂ ਦੇ ਦਾਦਾ ਜਗਦੇਵ ਸਿੰਘ ਜੱਸੋਵਾਲ ਦੀ ਮੂਰਤੀ ਪੰਜਾਬ ਵਿਧਾਨ ਸਭਾ 'ਚ ਸਥਾਪਿਤ ਕੀਤੀ ਜਾਵੇ। ਮਾਨ ਨੇ ਕਿਹਾ ਕਿ ਪਾਰਟੀ ਪੱਧਰ 'ਤੇ ਇਸ ਮੰਗ ਨੂੰ ਵਿਧਾਨ ਸਭਾ 'ਚ ਰੱਖਣਗੇ। 
ਇਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਮਨਜੀਤ ਸਿੰਘ ਬਿਲਾਸਪੁਰ, ਮੀਤ ਹੇਅਰ, ਜੈ ਕ੍ਰਿਸ਼ਨ, ਕੁਲਤਾਰ ਸਿੰਘ ਸੰਧਵਾਂ, ਬਲਜਿੰਦਰ ਕੌਰ, ਰੁਪਿੰਦਰ ਕੌਰ, ਪ੍ਰੇਮ ਲਾਲ, ਜਗਦੇਵ ਸਿੰਘ ਕਮਾਲਪੁਰੀ, ਨਾਜਰ ਸਿੰਘ ਮਨਸੀਆਂ ਆਦਿ ਹਾਜ਼ਰ ਸਨ।