''ਆਪ'' ਆਗੂਆਂ ਦੇ ਅੱਤਵਾਦੀਆਂ ਨਾਲ ਲਿੰਕ ਜਨਤਕ ਹੋਏ : ਕਾਂਗਰਸ

06/07/2017 7:13:38 AM

ਜਲੰਧਰ/ਚੰਡੀਗੜ੍ਹ (ਧਵਨ) - ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਅੱਤਵਾਦੀ ਸੰਗਠਨਾਂ ਦੇ ਨਾਲ ਸੰਬੰਧ ਹੁਣ ਜਨਤਕ ਹੋ ਗਏ ਹਨ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਵਿਧਾਨ ਸਭਾ ਵੇਲੇ ਪਾਰਟੀ ਨੇ ਕਿਹਾ ਸੀ ਕਿ 'ਆਪ' ਆਗੂਆਂ ਦੇ ਦੇਸ਼ ਵਿਰੋਧੀ ਅਨਸਰਾਂ ਨਾਲ ਸੰਪਰਕ ਹਨ, ਜੋ ਕਿ ਹੁਣ ਖਾਲਿਸਤਾਨ ਸਮਰਥਕ ਗੁਰਦਿਆਲ ਸਿੰਘ ਦੀ ਗੜ੍ਹਸ਼ੰਕਰ ਤੋਂ ਹੋਈ ਗ੍ਰਿਫਤਾਰੀ ਤੋਂ ਸੱਚ ਸਾਬਿਤ ਹੋ ਗਿਆ ਹੈ। ਪੰਜਾਬ ਕਾਂਗਰਸ ਵਲੋਂ ਜਾਰੀ ਬਿਆਨ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਹੁਣ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗੁਰਦਿਆਲ ਸਿੰਘ ਦੇ ਆਮ ਆਦਮੀ ਪਾਰਟੀ ਦੇ ਨਾਲ ਸੰਪਰਕਾਂ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰਦਿਆਲ ਸਿੰਘ ਨੇ ਗੜ੍ਹਸ਼ੰਕਰ ਵਿਚ 'ਆਪ' ਆਗੂ ਦੇ ਪੱਖ ਵਿਚ ਜ਼ਬਰਦਸਤ ਪ੍ਰਚਾਰ ਕੀਤਾ ਸੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੇਜਰੀਵਾਲ ਇਕ ਖਾਲਿਸਤਾਨੀ ਦੇ ਘਰ ਰੁਕੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵੀ ਪੰਜਾਬ ਪੁਲਸ ਨੂੰ ਉੱਚ ਪੱਧਰੀ ਜਾਂਚ ਕਰਵਾਉਣ ਦੀ ਲੋੜ ਹੈ ਕਿਉਂਕਿ ਪੰਜਾਬ ਹੁਣ ਅੱਗ ਦੇ ਨਾਲ ਖੇਡ ਨਹੀਂ ਸਕਦਾ। ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਧਾਰਾ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ 'ਆਪ' ਆਗੂਆਂ ਦੇ ਗਰਮ ਦਲੀ ਤੇ ਰਾਸ਼ਟਰ ਵਿਰੋਧੀ ਅਨਸਰਾਂ ਦੇ ਨਾਲ ਸੰਪਰਕਾਂ ਨੂੰ ਰਾਸ਼ਟਰੀ ਪੱਧਰ 'ਤੇ ਉਠਾਉਣਾ ਚਾਹੀਦਾ ਹੈ। ਵਿਧਾਨ ਸਭਾ ਚੋਣਾਂ ਵੇਲੇ ਤਾਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ 'ਤੇ ਮੌੜ ਵਿਚ ਬੰਬ ਨਾਲ ਹਮਲਾ ਵੀ ਹੋਇਆ ਸੀ। ਇਸ ਮਾਮਲੇ ਦੀ ਜਾਂਚ ਵੀ ਜਾਂਚ ਏਜੰਸੀਆਂ ਨੂੰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ ਦੀ ਲਾਲਸਾ ਵਿਚ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਚੋਣਾਂ ਤੋਂ ਪਹਿਲਾਂ ਕਈ ਪਾਪੜ ਵੇਲਦੇ ਰਹੇ ਹਨ।