ਭਾਜਪਾ ਦੀਆਂ ਅੱਖਾਂ ''ਚ ਰੜਕ ਰਹੀ ਹੈ ''ਆਪ''

Friday, Jun 30, 2017 - 03:13 PM (IST)


ਹੁਸ਼ਿਆਰਪੁਰ(ਘੁੰਮਣ)-ਦਿੱਲੀ 'ਚ ਸਫਲਤਾ ਪੂਰਵਕ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਅਸਥਿਰ ਕਰਨ ਵਿਚ ਲੱਗੀ ਹੋਈ ਹੈ। ਬੀਤੇ ਦਿਨੀਂ ਦਿੱਲੀ ਵਿਧਾਨ ਸਭਾ 'ਚ ਵਾਪਰੀ ਮੰਦਭਾਗੀ ਘਟਨਾ ਭਾਜਪਾ ਦੀ ਸੋਚੀ- ਸਮਝੀ ਸਾਜ਼ਿਸ਼ ਦਾ ਨਤੀਜਾ ਹੈ ਕਿਉਂਕਿ 'ਆਪ' ਦਾ ਕੋਈ ਵੀ ਵਲੰਟੀਅਰ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਵਿਧਾਨ ਸਭਾ 'ਚ ਨਹੀਂ ਕਰ ਸਕਦਾ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਡਾ. ਰਵਜੋਤ ਵੱਲੋਂ ਇਥੇ ਆਪਣੇ ਦਫਤਰ 'ਚ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਡਾ. ਰਵਜੋਤ ਨੇ ਕਿਹਾ ਕਿ ਸੱਚ ਤੇ ਅਸੂਲਾਂ ਉਪਰ ਚੱਲਣ ਵਾਲੀ ਪਾਰਟੀ 'ਆਪ' ਪਹਿਲੇ ਦਿਨ ਤੋਂ ਹੀ ਭਾਜਪਾ ਤੇ ਕਾਂਗਰਸ ਦੇ ਆਗੂਆਂ ਦੀਆਂ ਅੱਖਾਂ 'ਚ ਰੜਕ ਰਹੀ ਹੈ। ਇਸ ਲਈ ਉਕਤ ਪਾਰਟੀਆਂ ਨਾਲ ਸਬੰਧਿਤ ਆਗੂ ਸਮੇਂ-ਸਮੇਂ 'ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਪਰ ਦੇਸ਼ ਦੇ ਲੋਕ ਸਮਝਦਾਰ ਹਨ ਤੇ ਹੁਣ ਚੰਗੀ ਤਰ੍ਹਾਂ ਇਹ ਗੱਲ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਹੀ ਦੇਸ਼ ਨੂੰ ਵਿਕਾਸ ਪੱਖੋਂ ਅੱਗੇ ਲਿਜਾਣ ਦੇ ਸਮਰੱਥ ਹੈ। ਡਾ. ਰਵਜੋਤ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ 'ਚ 'ਆਪ' ਵਿਰੋਧੀ ਕਾਰਵਾਈ ਕਰਨ ਵਾਲੇ ਦੋ ਵਿਅਕਤੀਆਂ, ਜਿਨ੍ਹਾਂ ਨੂੰ 'ਆਪ' ਦੇ ਨਾਰਾਜ਼ ਵਲੰਟੀਅਰ ਦੱਸਿਆ ਜਾ ਰਿਹਾ ਹੈ। ਉਕਤ ਲੋਕਾਂ ਦਾ 'ਆਪ' ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ ਤੇ ਇਕ ਸਾਜ਼ਿਸ਼ ਤਹਿਤ ਵਿਰੋਧੀਆਂ ਵੱਲੋਂ ਉਕਤ ਲੋਕਾਂ ਨੂੰ ਦਿੱਲੀ ਵਿਧਾਨ ਸਭਾ 'ਚ ਭੇਜ ਕੇ ਇਹ ਸ਼ਰਮਨਾਕ ਕਾਰਾ ਕਰਵਾਇਆ ਗਿਆ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਇਸ ਮੌਕੇ ਹਰਪ੍ਰੀਤ ਸਿੰਘ ਧਾਮੀ, ਮਲਕੀਤ ਸਿੰਘ, ਪ੍ਰਦੀਪ ਸਿੰਘ, ਸਚਿਨ, ਤਰਲੋਕ ਸਿੰਘ, ਕਸ਼ਮੀਰਾ ਸਿੰਘ, ਰਣਧੀਰ ਕੁਮਾਰ ਤੇ ਅਮਿਤ ਕੁਮਾਰ ਵੀ ਹਾਜ਼ਰ ਸਨ।


Related News