ਨੋਟਬੰਦੀ ਦੇ 100 ਦਿਨ ਬੀਤਣ ਤੋਂ ਬਾਅਦ ਵੀ ਵਿਗੜੇ ਹਾਲਾਤ ਦੇ ਵਿਰੋਧ ''ਚ ''ਆਪ'' ਵਲੋਂ ਧਰਨਾ ਪ੍ਰਦਰਸ਼ਨ

02/18/2017 5:58:21 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) : 8 ਨਵੰਬਰ ਨੂੰ ਭਾਰਤ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ''ਤੇ ਲਾਈ ਪਾਬੰਦੀ ਤੋਂ 100 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਨਾ ਸੁਧਰਨ ਕਾਰਨ ਆਮ ਆਦਮੀ ਪਾਰਟੀ ਜ਼ਿਲਾ ਮੋਗਾ ਵੱਲੋਂ ਸਥਾਨਕ ਸ਼ਹਿਰ ''ਚ ਰੋਸ ਰੈਲੀ ਕੱਢੀ ਗਈ, ਜਿਸ ਦੌਰਾਨ ਵੱਡੀ ਗਿਣਤੀ ''ਚ ਇਕੱਤਰ ''ਆਪ'' ਸਮਰਥਕਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਵਿਧਾਨ ਸਭਾ ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਮੇਸ਼ ਗਰੋਵਰ, ਬਾਘਾਪੁਰਾਣਾ ਤੋਂ ਉਮੀਦਵਾਰ ਕੈਪਟਨ ਗੁਰਵਿੰਦਰ ਸਿੰਘ ਕੰਗ, ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਅਤੇ ਧਰਮਕੋਟ ਤੋਂ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਕੱਢੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਮੇਸ਼ ਗਰੋਵਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਫੈਸਲਾ ਸੰਵਿਧਾਨਿਕ ਨਹੀਂ ਬਲਕਿ ਤਾਨਾਸ਼ਾਹੀ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ 100 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੈਸੇ ਕਢਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿੱਕਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲਾ ਧਨ ਵਾਪਸ ਲਿਆਉਣ ਦੇ ਨਾਮ ਹੇਠ ਮੋਦੀ ਨੇ ਦੇਸ਼ ਵਾਸੀਆਂ ਦੀ ਜਾਨ ਸੁੱਕਣੇ ਪਾ ਦਿੱਤੀ ਜਦਕਿ ਦੇਸ਼ ਵਾਸੀਆਂ ਦੇ ਪੱਲ੍ਹੇ ਨਿਰਾਸ਼ਤਾ ਹੀ ਪਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਇਹ ਦੱਸਣ ਕਿ ਕਿੰਨਾ ਕੁ ਕਾਲਾ ਧਨ ਵਾਪਸ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਇਸ ਫੈਸਲੇ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਆ ਸਕੇ।

Gurminder Singh

This news is Content Editor Gurminder Singh