ਸਟੈਂਪ ਡਿਊਟੀ ’ਚ ਛੋਟ ਦੇ ਫ਼ੈਸਲੇ ਦਾ ''ਆਪ'' ਨੂੰ ਜਲੰਧਰ ਜ਼ਿਮਨੀ ਚੋਣ ’ਚ ਮਿਲਿਆ ਵੱਡਾ ਫਾਇਦਾ

05/14/2023 6:46:08 PM

ਜਲੰਧਰ (ਚੋਪੜਾ)–ਪੰਜਾਬ ਦੀ ਜਨਤਾ ਨੂੰ ਸਟੈਂਪ ਡਿਊਟੀ ਅਤੇ ਪ੍ਰਾਪਰਟੀ ਦੀ ਰਜਿਸਟਰੀ ਫੀਸ ਵਿਚ 2.25 ਫ਼ੀਸਦੀ ਦੀ ਛੋਟ ਦੇਣ ਦੇ ਫ਼ੈਸਲੇ ਨਾਲ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਦੋਵਾਂ ਹੱਥਾਂ ਵਿਚ ਲੱਡੂ ਆ ਗਏ ਹਨ। ਮੁੱਖ ਮੰਤਰੀ ਮਾਨ ਦੇ ਇਸ ਫ਼ੈਸਲੇ ਨੇ ਜਿੱਥੇ ਸਰਕਾਰ ਦੇ ਖਜ਼ਾਨੇ ’ਚ ਰਿਕਾਰਡ ਰੈਵੇਨਿਊ ਇਕੱਠਾ ਕੀਤਾ, ਉਥੇ ਹੀ ਇਸ ਫ਼ੈਸਲੇ ਨਾਲ ਰਾਹਤ ਪਾਉਣ ਵਾਲੀ ਜਲੰਧਰ ਦੀ ਜਨਤਾ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਰਾਹ ਪੱਧਰਾ ਕਰਨ ਵਿਚ ਵੀ ਵੱਡੀ ਭੂਮਿਕਾ ਅਦਾ ਕੀਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਕੈਬਨਿਟ ਵਿਚ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਸਟੈਂਪ ਡਿਊਟੀ ’ਤੇ ਛੋਟ ਦਾ ਸਮਾਂ 1 ਮਾਰਚ ਤੋਂ 31 ਮਾਰਚ ਤੱਕ ਨਿਰਧਾਰਿਤ ਕੀਤਾ ਸੀ। ਮੁੱਖ ਮੰਤਰੀ ਮਾਨ ਨੇ ਸਟੈਂਪ ਡਿਊਟੀ ਵਿਚ ਛੋਟ ਦੇ ਫ਼ੈਸਲੇ ਤੋਂ ਬਾਅਦ ਖ਼ੁਲਾਸਾ ਕੀਤਾ ਸੀ ਕਿ ਪੰਜਾਬ ਸਰਕਾਰ ਦੇ ਰੈਵੇਨਿਊ ਵਿਚ ਸਾਲ 2022 ਦੇ ਮੁਕਾਬਲੇ 2023 ਦੇ ਵਿੱਤੀ ਸਾਲ ਵਿਚ 30.45 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ 1 ਤੋਂ 31 ਮਾਰਚ ਤੱਕ ਰਜਿਸਟਰੀ ਅਤੇ ਸਟੈਂਪ ਡਿਊਟੀ ਦੀ ਫ਼ੀਸ ਤੋਂ ਸਰਕਾਰ ਨੇ 352.62 ਕਰੋੜ ਦੀ ਕਮਾਈ ਕੀਤੀ ਹੈ, ਜਦਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਹ ਕਮਾਈ 270.31 ਕਰੋੜ ਰੁਪਏ ਸੀ। ਮੁੱਖ ਮੰਤਰੀ ਮਾਨ ਨੇ ਜਨਤਾ ਦੀ ਡਿਮਾਂਡ ਨੂੰ ਵੇਖਦੇ ਹੋਏ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ ਛੋਟ ਨੂੰ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤਾ ਹੈ। ਇਸੇ ਸਹੂਲਤ ਨੂੰ 15 ਦਿਨ ਹੋਰ ਵਧਾਉਣ ਦਾ ਫ਼ੈਸਲਾ ਕਰਕੇ 15 ਮਈ ਤੱਕ ਕਰਨ ’ਤੇ ਕੈਬਨਿਟ ਦੀ ਮੀਟਿੰਗ ਵਿਚ ਮੋਹਰ ਲਾ ਦਿੱਤੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੇ ਹਰੇਕ ਵਰਗ ਨੂੰ ਰਾਹਤ ਦਿੱਤੀ ਹੈ।

ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਵੋਟਰਾਂ ’ਚ ਰਹੀ ਉਤਸ਼ਾਹਹੀਣਤਾ, ਪਾਰਟੀਆਂ ਦਾ ਆਪਣਾ ਕੇਡਰ ਹੀ ਭੁਗਤਿਆ

ਸਰਕਾਰ ਨੇ ਸਟੈਂਪ ਡਿਊਟੀ ’ਤੇ ਪ੍ਰਾਪਰਟੀ ਦੀ ਰਜਿਸਟਰੀ ਫ਼ੀਸ ਵਿਚ ਛੋਟ ਦੇ ਦੂਰਰਸੀ ਨਤੀਜੇ ਨਿਕਲੇ ਅਤੇ ਬਦਹਾਲੀ ਦੇ ਦੌਰ ਵਿਚੋਂ ਲੰਘ ਰਿਹਾ ਪ੍ਰਾਪਰਟੀ ਕਾਰੋਬਾਰ ਇਕ ਵਾਰ ਫਿਰ ਤੋਂ ਕਾਫ਼ੀ ਪ੍ਰਫੁੱਲਿਤ ਹੋਇਆ। ਹਰੇਕ ਵਰਗ ਨੂੰ ਮਿਲੀ ਰਾਹਤ ਨਾਲ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਦੀ ਖ਼ਰੀਦੋ-ਫਰੋਖ਼ਤ ਅਤੇ ਨਿਰਮਾਣ ਕਾਰਜਾਂ ਵਿਚ ਵੀ ਤੇਜ਼ੀ ਵੇਖਣ ਨੂੰ ਮਿਲੀ। ਨਿਰਮਾਣ ਕਾਰਜਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਹਾਸਲ ਹੋਇਆ ਅਤੇ ਜਨਤਾ ਵਿਚ ਮਾਨ ਸਰਕਾਰ ਪ੍ਰਤੀ ਭਰੋਸਾ ਵੀ ਵਧਿਆ ਹੈ ਅਤੇ ਜਨਤਾ ਨੇ ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਸਮਰਥਨ ਵਿਚ ਫਤਵਾ ਦਿੱਤਾ ਹੈ। ਹੁਣ ਜ਼ਿਮਨੀ ਚੋਣ ਵਿਚ ਵੱਡੀ ਜਿੱਤ ਹਾਸਲ ਕਰ ਚੁੱਕੀ ‘ਆਪ’ ਸਰਕਾਰ ਤੋਂ ਜਨਤਾ ਨੇ ਵੀ ਨਵੀਂ ਉਮੀਦ ਲਾਈ ਹੈ ਕਿ ਪੰਜਾਬ ਸਰਕਾਰ ਸਟੈਂਪ ਡਿਊਟੀ ਅਤੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਫ਼ੀਸ ਵਿਚ ਦਿੱਤੀ ਜਾ ਰਹੀ 2.25 ਫ਼ੀਸਦੀ ਦੀ ਛੂਟ ਦਾ ਸਮਾਂ 15 ਮਈ ਤੋਂ ਅੱਗੇ ਵਧਾਉਣ ਦੀ ਬਜਾਏ ਇਸ ਛੋਟ ਨੂੰ ਪਰਮਾਨੈਂਟ ਕਰਨ ਦਾ ਫ਼ੈਸਲਾ ਕਰਕੇ ਜ਼ਿਮਨੀ ਚੋਣ ਵਿਚ ਜਿੱਤ ਦਾ ਲੋਕਾਂ ਨੂੰ ਤੋਹਫ਼ਾ ਦੇਵੇਗੀ।


ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri