''ਆਪ'' ਦਾ ਨਵਾਂ ਪਲਾਨ, ਜਿਥੇ ਹੋਣਗੀਆਂ ਦੋ ਵਿਰੋਧੀ ਪਾਰਟੀਆਂ, ਉਥੇ ਹੀ ਲੜੀ ਜਾਵੇਗੀ ਚੋਣ

06/09/2017 10:40:36 AM

ਜਲੰਧਰ (ਬੁਲੰਦ)— ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਮਾਤ ਖਾਣ ਤੋਂ ਬਾਅਦ ਤੇ ਦਿੱਲੀ ਐੱਮ. ਸੀ. ਡੀ. ਚੋਣਾਂ ਵਿਚ ਹਾਰਨ ਤੋਂ ਬਾਅਦ 'ਆਪ' ਵਿਰੋਧੀਆਂ ਨੂੰ ਲੱਗਦਾ ਸੀ ਕਿ ਪਾਰਟੀ ਦੀ ਹਵਾ ਨਿਕਲ ਜਾਵੇਗੀ ਪਰ ਪਾਰਟੀ ਲਗਾਤਾਰ ਆਪਣੇ ਵਿਸਥਾਰ ਦੀਆਂ ਯੋਜਨਾਵਾਂ ਵਿਚ ਜੁਟੀ ਹੋਈ ਹੈ ਤੇ ਹਾਰ ਮੰਨਦੀ ਨਜ਼ਰ ਨਹੀਂ ਆ ਰਹੀ। ਪਾਰਟੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਆਉਣ ਵਾਲੇ ਸਮੇਂ ਵਿਚ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਚੋਣ ਲੜਨ ਦੀ ਰਣਨੀਤੀ ਬਣਾਉਣ ਵਿਚ ਜੁਟੀ ਹੋਈ ਹੈ। ਪਾਰਟੀ ਨੇ ਇਸੇ ਸਾਲ ਗੁਜਰਾਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਾਰੀਆਂ 192 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
'ਆਪ' ਦੀਆਂ ਸਿਆਸੀ ਨੀਤੀਆਂ ਬਾਰੇ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਮੰਨਣਾ ਹੈ ਕਿ ਅਸੀਂ ਅਜਿਹੇ ਸੂਬਿਆਂ ਦੀ ਸੂਚੀ ਤਿਆਰ ਕਰ ਰਹੇ ਹਾਂ, ਜਿਥੇ ਸਿਆਸਤ ਦੇ ਮੈਦਾਨ ਵਿਚ ਮੁੱਖ ਤੌਰ 'ਤੇ ਚੋਣਾਂ ਵਿਚ ਦੋ ਤੋਂ ਜ਼ਿਆਦਾ ਪਾਰਟੀਆਂ ਨਾ ਹੋਣ। ਉਨ੍ਹਾਂ ਕਿਹਾ ਕਿ ਜਿਥੇ ਦੋ ਪਾਰਟੀਆਂ ਮੁੱਖ ਤੌਰ 'ਤੇ ਚੋਣ ਮੈਦਾਨ ਵਿਚ ਹੋਣਗੀਆਂ, ਉਥੇ ਤੀਸਰੀ ਪਾਰਟੀ ਲਈ ਜਗ੍ਹਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਜਿਹੇ ਸੂਬੇ ਵਿਚ ਤਾਂ ਪਹਿਲਾਂ ਹੀ 5-5 ਪਾਰਟੀਆਂ ਮੈਦਾਨ ਵਿਚ ਹਨ, ਉਥੇ 'ਆਪ' ਪਾਰਟੀ ਲਈ ਆਧਾਰ ਬਣਾ ਸਕਣਾ ਔਖਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਗੁਜਰਾਤ ਬਾਰੇ ਪਾਰਟੀ ਜਲਦੀ ਹੀ ਕੋਈ ਫਾਈਨਲ ਨਤੀਜੇ 'ਤੇ ਪਹੁੰਚੇਗੀ। ਪਾਰਟੀ ਹਿਮਾਚਲ ਵਿਚ ਫਿਲਹਾਲ ਚੋਣਾਂ ਲੜਨ ਦੇ ਮੂਡ ਵਿਚ ਨਹੀਂ ਨਜ਼ਰ ਆ ਰਹੀ, ਕਿਉਂਕਿ ਉਥੇ ਜ਼ਮੀਨੀ ਪੱਧਰ 'ਤੇ ਪਾਰਟੀ ਕਾਫੀ ਕਮਜ਼ੋਰ ਹੈ।
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿਸਥਾਰ ਦੇ ਪਲਾਨ ਬਾਰੇ ਆਖਰੀ ਫੈਸਲਾ ਪਾਰਟੀ ਦੀ ਪੁਲੀਟੀਕਲੀ ਅਫੇਅਰਸ ਕਮੇਟੀ ਹੀ ਕਰੇਗੀ। ਫਿਲਹਾਲ ਸਾਡਾ ਸਾਰਾ ਧਿਆਨ ਦਿੱਲੀ 'ਤੇ ਹੈ ਪਰ ਕਈ ਅਜਿਹੇ ਇਲਾਕੇ ਹਨ, ਜਿਥੇ ਉਨ੍ਹਾਂ ਦੀ ਮੌਜੂਦਗੀ ਬੇਹੱਦ ਮਜ਼ਬੂਤੀ ਵਾਲੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ 50 ਜ਼ਿਲਿਆਂ ਵਿਚੋਂ 27 ਜ਼ਿਲਿਆਂ ਵਿਚ ਪਾਰਟੀ ਦੀਆਂ ਬੈਠਕਾਂ ਬੇਹੱਦ ਪ੍ਰਭਾਵਸ਼ਾਲੀ ਰਹੀਆਂ ਤੇ ਉਥੇ ਜ਼ਿਆਦਾਤਰ ਸ਼ਾਨਦਾਰ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਜੋ ਮੁੱਖ ਸਮੱਸਿਆ ਪਾਰਟੀ ਦੇ ਸਾਹਮਣੇ ਇਸ ਵੇਲੇ ਹੈ, ਉਹ ਹੈ ਆਰਥਿਕ ਸਮੱਸਿਆ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੇ ਪੰਜਾਬ ਚੋਣਾਂ ਦੇ ਪ੍ਰਚਾਰ ਵਿਚ ਪਾਰਟੀ ਦੇ ਖਜ਼ਾਨੇ ਖਾਲੀ ਹੋ ਚੁੱਕੇ ਹਨ। 'ਆਪ' ਦੀ ਵੈੱਬਸਾਈਟ 'ਤੇ ਦਾਨੀ ਸੱਜਣਾਂ ਤੇ ਦਾਨ ਰਾਸ਼ੀ ਬਾਰੇ ਜਾਣਕਾਰੀਆਂ ਵੀ 'ਆਪ' ਦੀ ਵੈੱਬਸਾਈਟ ਤੋਂ ਤਕਰੀਬਨ ਇਕ ਸਾਲ ਤੋਂ ਗਾਇਬ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵਿਰੋਧੀ ਉਨ੍ਹਾਂ ਸਾਰੇ ਦਾਨੀ ਲੋਕਾਂ ਕੋਲ ਜਾ ਰਹੇ ਹਨ, ਜਿਨ੍ਹਾਂ ਨੇ ਕਦੇ ਪਾਰਟੀ ਨੂੰ ਕੁਝ ਵੀ ਡੋਨੇਟ ਨਹੀਂ ਕੀਤਾ ਹੈ, ਜਿਸ ਨਾਲ 'ਆਪ' ਲਈ ਬੜੀ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਉਥੇ ਪਾਰਟੀ ਸੂਤਰ ਇਹ ਦੱਸਣ ਤੋਂ ਬਚਦੇ ਦਿਸੇ ਕਿ ਦਾਨ ਡਿਟੇਲ ਜਨਤਕ ਕਿਉਂ ਨਹੀਂ ਕੀਤੀ ਜਾ ਰਹੀ। ਫਿਲਹਾਲ 'ਆਪ' ਪਾਰਟੀ ਦਿੱਲੀ ਵਿਚ ਸਰਕਾਰ ਚਲਾਉਣ ਨੂੰ ਲੈ ਕੇ ਨਵੀਆਂ ਯੋਜਨਾਵਾਂ ਬਣਾ ਰਹੀ ਹੈ। ਬੀਤੇ ਹਫਤੇ ਹੋਈ ਬੈਠਕ ਵਿਚ 'ਆਪ' ਹਾਈਕਮਾਨ ਨੇ ਆਪਣੇ ਸਾਰੇ ਆਗੂਆਂ ਨੂੰ ਕਿਹਾ ਹੈ ਕਿ ਉਹ ਜਨਤਾ ਦੇ ਵਿਚ ਜਾਣ, ਲੋਕਾਂ ਨੂੰ ਮਿਲਣ ਤੇ ਰੈਗੂਲਰ ਬੈਠਕਾਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ। ਜਾਣਕਾਰ ਦੱਸਦੇ ਹਨ ਕਿ ਦਿੱਲੀ ਦੇ ਸਿਹਤ ਤੇ ਲੋਕ ਨਿਰਮਾਣ ਵਿਭਾਗ ਦੀ ਨਜ਼ਰਸਾਨੀ ਮੁੱਖ ਮੰਤਰੀ ਦਫਤਰ ਖੁਦ ਕਰ ਰਿਹਾ ਹੈ ਤੇ ਫਾਈਲਾਂ ਦਾ ਨਿਰੀਖਣ ਬੇਹੱਦ ਡੂੰਘਾਈ ਨਾਲ ਕੀਤਾ ਜਾ ਰਿਹਾ ਹੈ। ਦਿੱਲੀ 'ਚ ਡੇਂਗੂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਪਾਰਟੀ ਨਹੀਂ ਚਾਹੁੰਦੀ ਕਿ ਇਸ ਵਾਰ ਵੀ ਪਿਛਲੇ ਸਾਲ ਵਾਂਗ ਹਾਲਾਤ ਪੈਦਾ ਹੋਣ, ਕਿਤੇ ਵੀ ਗੰਦਾ ਪਾਣੀ ਜਮ੍ਹਾ ਨਾ ਹੋਵੇ। ਲੋਕਾਂ ਨੂੰ ਇਸ ਬੀਮਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਤੇ ਉਸ ਤੋਂ ਬਚਣ ਦੇ ਉਪਾਅ ਦੱਸਦੇ ਹਨ ਤੇ ਹਸਪਤਾਲਾਂ ਨੂੰ ਉਨ੍ਹਾਂ ਸਾਰੀਆਂ ਸਹੂਲਤਾਂ ਨਾਲ ਲੈਸ ਕਰਨਾ ਹੈ, ਜਿਨ੍ਹਾਂ ਨਾਲ ਡੇਂਗੂ ਦੇ ਰੋਗੀਆਂ ਨੂੰ ਸਹੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਸਿਹਤ ਦਿੱਲੀ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਸੀ. ਐੱਮ. ਖੁਦ ਸਾਰੇ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਹਨ ਤੇ ਪਿਛਲੇ ਸਾਲ ਚਿਕਨਗੁਨੀਆ ਜਿਹੀ ਮਹਾਮਾਰੀ ਜਿਹੇ ਹਾਲਾਤ ਪੈਦਾ ਨਹੀਂ ਹੋਣਗੇ। ਹੁਣ 'ਆਪ' ਪਾਰਟੀ ਲਈ ਭਵਿੱਖ ਵਿਚ ਜਿਥੇ ਦਿੱਲੀ ਵਿਚ ਸਾਖ ਬਚਾਈ ਰੱਖਣ ਦੀ ਚੁਣੌਤੀ ਹੈ, ਉਥੇ ਆਉਣ ਵਾਲੀਆਂ ਗੁਜਰਾਤ, ਰਾਜਸਥਾਨ ਤੇ ਮੱਧ ਪ੍ਰਦੇਸ਼ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦਾ ਵੀ ਵੱਡਾ ਸਵਾਲ ਹੈ। ਵੇਖਣਾ ਹੋਵੇਗਾ ਕਿ ਪਾਰਟੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਿੰਨੀ ਸਫਲਤਾ ਨਾਲ ਕਰਦੀ ਹੈ।