''ਆਮ ਆਦਮੀ ਪਾਰਟੀ'' ਦੇ ਲੋਕਲ ਉਮੀਦਵਾਰ ਕਾਰਨ ਕਾਂਗਰਸ ''ਤੇ ਵਧਿਆ ਦਬਾਅ

09/18/2017 12:41:32 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਮੇਜਰ ਜਨਰਲ ਰਿਟਾ ਸੁਰੇਸ਼ ਖਜੂਰੀਆ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ। ਖਜੂਰੀਆ, ਜੋ ਪਠਾਨਕੋਟ ਦੇ ਵਾਸੀ ਹਨ ਅਤੇ ਪਾਰਟੀ ਦੇ ਪੁਰਾਣੇ ਵਾਲੰਟੀਅਰ ਹਨ, ਨੂੰੰ ਉਤਾਰੇ ਜਾਣ ਨਾਲ ਕਾਂਗਰਸ 'ਚ ਦਬਾਅ ਵਧ ਗਿਆ ਹੈ। ਉਮੀਦਵਾਰ ਦੀ ਚੋਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੇ ਪ੍ਰਭਾਰੀ ਆਸ਼ਾ ਕੁਮਾਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਚਕਾਰ ਲੰਬੀ ਮੀਟਿੰਗ ਚੱਲੀ, ਜਿਸ 'ਚ ਜਾਖੜ ਦੇ ਨਾਂ 'ਤੇ ਚਰਚਾ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ 'ਚ ਸੁਨੀਲ ਜਾਖੜ ਦੇ ਨਾਂ 'ਤੇ ਸਹਿਮਤੀ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਸੋਮਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰ ਸਕਦੇ ਹਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਵੀ ਇਸ ਬਾਰੇ ਦੱਸ ਦਿੱਤਾ ਗਿਆ ਹੈ। ਉਹ ਇਸ ਸਮੇਂ ਵਿਦੇਸ਼ 'ਚ ਹਨ ਅਤੇ 22 ਸਤੰਬਰ ਨੂੰ ਦਿੱਲੀ ਵਾਪਸ ਜਾਣਗੇ ਪਰ ਕਿਉਂਕਿ ਉਸ ਦਿਨ ਨਾਮਾਂਕਣ ਦਾ ਆਖਰੀ ਦਿਨ ਹੈ, ਇਸ ਲਈ ਪਾਰਟੀ ਉਮੀਦਵਾਰ ਦਾ ਐਲਾਨ 20 ਜਾਂ 21 ਨੂੰ ਕਰ ਦਿੱਤੀ ਜਾਵੇਗੀ। 20 ਨੂੰ ਸਰਾਧ ਖਤਮ ਹੋ ਜਾਣਗੇ ਅਤੇ 21 ਨੂੰ ਪਹਿਲਾ ਨਰਾਤਾ ਹੈ।