''ਆਪ'' ਵਿਆਹ ਦੇ ਖ਼ਰਚੇ ''ਤੇ ਕੰਟਰੋਲ ਲਈ ਲਿਆਵੇਗੀ ਬਿੱਲ

03/16/2018 9:28:31 AM

ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ ਪੰਜਾਬ ਵਿਚ ਹੋਣ ਵਾਲੇ ਵਿਆਹਾਂ ਦੇ ਖ਼ਰਚੇ ਨੂੰ ਸੀਮਤ (ਕੰਟਰੋਲ) ਕਰਨ ਲਈ ਪੰਜਾਬ ਵਿਧਾਨ ਸਭਾ ਦੇ ਆਗਾਮੀ ਬਜਟ ਸੈਸ਼ਨ ਵਿਚ ਇਕ ਪ੍ਰਾਈਵੇਟ ਬਿੱਲ ਲਿਆਏਗੀ। ਇਹ ਬਿੱਲ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੇਸ਼ ਕੀਤਾ, ਜੋ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੈਨੀਫੈਸਟੋ ਟੀਮ ਦੇ ਚੇਅਰਮੈਨ ਵੀ ਸਨ। ਇਸ ਬਿੱਲ ਦੀ ਕਾਪੀ ਪਿਛਲੇ ਹਫ਼ਤੇ ਸਕੱਤਰ ਵਿਧਾਨ ਸਭਾ ਨੂੰ ਭੇਜੀ ਗਈ ਸੀ ਅਤੇ ਹੁਣ ਇਹ ਵੇਖਣਾ ਹੋਵੇਗਾ ਕਿ ਇਸ ਨੂੰ ਸੈਸ਼ਨ ਵਿਚ ਲਿਆਂਦਾ ਜਾਂਦਾ ਹੈ ਜਾਂ ਨਹੀਂ। ਸੰਧੂ ਵਲੋਂ ਪੇਸ਼ ਕੀਤੇ ਗਏ ਖਰੜੇ (ਬਿੱਲ) ਅਨੁਸਾਰ ਵਿਆਹੇ ਜਾਣ ਵਾਲੇ ਲੜਕਾ-ਲੜਕੀ ਦੇ ਪਰਿਵਾਰਾਂ ਦੇ 51-51 ਮਹਿਮਾਨ ਵਿਆਹ ਵਿਚ ਸ਼ਾਮਲ ਹੋਣ ਅਤੇ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ 3 ਤੋਂ ਵੱਧ ਨਾ ਹੋਣ। ਬਿੱਲ ਅਨੁਸਾਰ ਵਿਆਹ ਸਮਾਗਮ ਜੋ ਕਿ ਮਹਿੰਦੀ, ਸੰਗੀਤ, ਬਾਰਾਤ, ਅਨੰਦ ਕਾਰਜ, ਲਾਵਾਂ, ਨਿਕਾਹ ਅਤੇ ਰਿਸੈਪਸ਼ਨ ਹੋ ਸਕਦੀ ਹੈ, ਦੌਰਾਨ ਸ਼ਰਾਬ 'ਤੇ ਸੰਪੂਰਨ ਪਾਬੰਦੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਿੱਲ ਵਿਚ ਇਹ ਵੀ ਸਿਫ਼ਾਰਿਸ਼ ਕੀਤੀ ਗਈ ਹੈ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ 6 ਮਹੀਨਿਆਂ ਤੱਕ ਦੀ ਕੈਦ, 50 ਹਜ਼ਾਰ ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਬਿੱਲ ਦੇ ਉਪਾਅ ਅਤੇ ਕਾਰਨਾਂ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਬਿੱਲ ਲਿਆਉਣ ਦਾ ਮਕਸਦ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਘਟਾਉਣਾ ਹੈ, ਖ਼ਾਸ ਕਰ ਕੇ ਕਿਸਾਨਾਂ 'ਤੇ ਵਧ ਰਹੇ ਕਰਜ਼ੇ ਨੂੰ ਰੋਕਣਾ ਹੈ, ਕਿਉਂਕਿ ਹੁਣ ਖੇਤੀ ਇਕ ਲਾਹੇਵੰਦ ਕਿੱਤਾ ਨਹੀਂ ਰਹੀ। ਸੰਧੂ ਨੇ ਕਿਹਾ ਕਿ ਪ੍ਰਾਈਵੇਟ ਮੈਂਬਰ ਬਿੱਲ ਵਿਚ ਇਹ ਵੀ ਸਿਫ਼ਾਰਿਸ਼ ਕੀਤੀ ਗਈ ਹੈ ਕਿ ਵਿਆਹ ਅਤੇ ਸਬੰਧਤ ਕਾਰਜਾਂ ਵਿਚ ਫਾਇਰਿੰਗ ਹੋਣ 'ਤੇ ਬਹੁਤ ਹੀ ਜ਼ਿਆਦਾ ਤਣਾਅ ਪੈਦਾ ਹੋ ਜਾਂਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਵਿਆਹ ਸਮਾਗਮ ਵਿਚ ਹਥਿਆਰ ਆਦਿ ਨਾਲ ਫਾਇਰਿੰਗ ਕਰਦਾ ਹੈ ਅਤੇ ਇਸ ਦੌਰਾਨ ਕੋਈ ਵਿਅਕਤੀ ਜ਼ਖਮੀ ਹੁੰਦਾ ਹੈ ਤਾਂ ਉਸ ਦੋਸ਼ੀ ਨੂੰ ਘੱਟੋ-ਘੱਟ ਪੰਜ ਸਾਲ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਜੋ ਵਧਾ ਕੇ 10 ਲੱਖ ਰੁਪਏ ਤੱਕ ਕੀਤੀ ਜਾਵੇ ਅਤੇ ਜੇਕਰ ਦੋਸ਼ੀ ਦੇ ਹਥਿਆਰ ਨਾਲ ਕੋਈ ਬੇਹੱਦ ਗੰਭੀਰ ਜ਼ਖਮੀ ਹੁੰਦਾ ਹੈ ਤਾਂ ਉਸ ਦੀ ਸਜ਼ਾ ਉਮਰਕੈਦ ਵਿਚ ਵੀ ਤਬਦੀਲ ਕੀਤੀ ਜਾ ਸਕਦੀ ਹੈ। ਬਿੱਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਵੀ ਵਿਆਹ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ, ਉੱਥੇ ਵਿਆਹ ਸਮਾਗਮ ਦੇ ਸਮਾਪਤ ਹੋਣ ਉਪਰੰਤ ਸਾਫ-ਸਫਾਈ ਅਤੇ ਰਹਿੰਦ-ਖ਼ੂੰਹਦ ਨੂੰ ਚੁੱਕਣ ਦੀ ਜ਼ਿੰਮੇਵਾਰੀ ਵਿਆਹ ਦਾ ਆਯੋਜਨ ਕਰਨ ਵਾਲੇ ਦੀ ਹੋਵੇਗੀ।