ਪੰਜਾਬ ''ਚ ਲਗਾਤਾਰ ਡਿਗ ਰਿਹੈ ''ਆਪ'' ਦਾ ਗ੍ਰਾਫ

03/05/2018 11:45:17 AM

ਚੰਡੀਗੜ੍ਹ : ਪੰਜਾਬ 'ਚ 'ਆਮ ਆਦਮੀ ਪਾਰਟੀ' ਦਾ ਗ੍ਰਾਫ ਲਗਾਤਾਰ ਡਿਗਦਾ ਜਾ ਰਿਹਾ ਹੈ। ਇਸ ਦੌਰਾਨ ਹੀ ਪਾਰਟੀ ਲੋਕ ਸਭਾ ਚੋਣਾਂ ਦਾ ਮੰਥਨ ਕਰੇਗੀ। ਪੰਜਾਬ ਦੇ ਨਵੇਂ ਪ੍ਰਭਾਰੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਨਵੀਂ ਦਿੱਲੀ 'ਚ ਅਹਿਮ ਬੈਠਕ ਬੁਲਾਈ ਹੈ। ਇਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ 'ਚ 'ਆਪ' 20 ਵਿਧਾਇਕਾਂ ਨਾਲ ਮੁੱਖ ਵਿਰੋਧੀ ਪਾਰਟੀ ਬਣੀ ਸੀ ਪਰ ਪਿਛਲੇ ਦਿਨੀਂ ਹੋਈਆਂ ਚੋਣਾਂ 'ਚ ਪਾਰਟੀ ਨੂੰ ਲੋਕਾਂ ਨੇ ਬਿਲਕੁਲ ਨਕਾਰ ਦਿੱਤਾ। ਪਾਰਟੀ ਪਹਿਲਾਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਹਲਕੇ 'ਚ ਇਕ ਨਗਰ ਨਿਗਮ ਚੋਣ ਜਿੱਤੀ ਸੀ। ਹੁਣ ਲੁਧਿਆਣਾ 'ਚ ਜ਼ਿਲਾ ਪ੍ਰਧਾਨ ਦੀ ਪਤਨੀ ਚੋਣਾਂ ਜਿੱਤੀ ਹੈ। ਕਿਉਂਕਿ ਉਹ ਪਹਿਲਾਂ ਵੀ 2 ਵਾਰ ਉੱਥੋਂ ਕੌਂਸਲਰ ਰਹਿ ਚੁੱਕੀ ਹੈ, ਇਸ ਲਈ ਉਸ ਦੀ ਜਿੱਤ ਦਾ ਸਿਹਰਾ 'ਆਪ' ਨੂੰ ਨਹੀਂ ਦਿੱਤਾ ਜਾ ਰਿਹਾ। ਪਾਰਟੀ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਹਨ ਅਤੇ ਪਾਰਟੀ ਬਿਲਕੁਲ ਤਿਆਰ ਨਹੀਂ ਹੈ। 2014 'ਚ 'ਆਪ' ਦੇ 4 ਸੰਸਦ ਮੈਂਬਰ ਜਿੱਤੇ ਸਨ, ਜਿਨ੍ਹਾਂ 'ਚੋਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਦੇ ਰਾਹ ਵੱਖਰੇ ਹੋ ਚੁੱਕੇ ਹਨ। ਪ੍ਰੋ. ਸਾਧੂ ਸਿੰਘ ਸਿਹਤ ਸਬੰਧੀ ਕਾਰਨਾਂ ਕਰਕੇ ਇਸ ਵਾਰ ਚੋਣਾਂ ਨਹੀਂ ਲੜਨਗੇ। ਲੋਕ ਸਭਾ ਲਈ 'ਆਪ' ਕੋਲ ਫਿਲਹਾਲ ਭਗਵੰਤ ਮਾਨ ਹੀ ਇਕਮਾਤਰ ਗੰਭੀਰ ਉਮੀਦਵਾਰ ਹੈ, ਜੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਪਣੇ ਹਲਕੇ ਸੰਗਰੂਰ 'ਤੇ ਫੋਕਸ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੀ ਹਲਕੇ ਤੋਂ 'ਆਪ' ਦਾ ਕੋਈ ਆਗੂ ਇਸ ਪੱਧਰ 'ਤੇ ਸਰਗਰਮ ਨਹੀਂ ਹੈ ਕਿ ਲੋਕ ਸਭਾ ਚੋਣਾਂ 'ਚ ਬਾਕੀ ਪਾਰਟੀਆਂ ਨੂੰ ਚੁਣੌਤੀ ਦੇ ਸਕੇ। ਫਿਲਹਾਲ ਸੋਮਵਾਰ ਨੂੰ ਸਿਸੋਦੀਆ ਪੰਜਾਬ ਸੰਗਠਨ ਨਾਲ ਪਹਿਲੀ ਬੈਠਕ ਕਰਨਗੇ, ਜਿਸ 'ਚ ਸੁਖਪਾਲ ਖਹਿਰਾ, ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਪੰਜਾਂ ਜੋਨਲ ਪ੍ਰਧਾਨਾਂ ਨੂੰ ਬੁਲਾਇਆ ਗਿਆ ਹੈ। ਅਮਨ ਅਰੋੜਾ ਨੇ ਬੈਠਕ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ 'ਚ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।