ਰਾਜ ਸਭਾ : ''ਆਪ'' ਤੋਂ ਰੁੱਸੇ ਪੰਜਾਬ ਦੇ ਵਿਧਾਇਕ

01/09/2018 12:43:47 PM

ਚੰਡੀਗੜ੍ਹ : ਰਾਜ ਸਭਾ ਲਈ ਵਿਵਾਦਿਤ ਕਾਰੋਬਾਰੀ ਨੂੰ ਨਾਮਜ਼ਦ ਕਰਨ ਦੇ ਮਾਮਲੇ 'ਚ ਪੰਜਾਬ ਇਕਾਈ ਦੇ ਵਿਧਾਇਕ ਪਾਰਟੀ ਤੋਂ ਰੁੱਸ ਗਏ ਹਨ। ਪੰਜਾਬ 'ਚ 12 ਦੇ ਕਰੀਬ ਵਿਧਾਇਕਾਂ ਨੇ ਪਾਰਟੀ ਦੀ ਚੋਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹ ਤੱਥ ਉਸ ਸਮੇਂ ਸਾਹਮਣੇ ਆਇਆ, ਜਦੋਂ 'ਆਪ' ਦੇ ਉੱਘੇ ਆਗੂਆਂ 'ਚ ਸ਼ੁਮਾਰ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ 'ਗੁਪਤ' ਚਿੱਠੀ ਲਿਖੀ। ਕੰਵਰ ਸੰਧੂ ਨੇ ਕਿਹਾ ਕਿ ਰਾਜ ਸਭਾ ਦੀਆਂ ਵਿਵਾਦਿਤ ਨਾਮਜ਼ਦਗੀਆਂ ਮਗਰੋਂ ਅਸੀਂ ਸਿਆਸੀ ਬੂਝ ਪੱੱਖੋਂ ਪਛੜਦੇ ਨਜ਼ਰ ਆ ਰਹੇ ਹਾਂ। ਕੰਵਰ ਸੰਧੂ ਨੇ ਕਿਹਾ ਕਿ ਕਰੀਬ 6 ਵਿਧਾਇਕ ਸੁਸ਼ੀਲ ਗੁਪਤਾ ਅਤੇ ਐੱਨ. ਡੀ. ਗੁਪਤਾ ਦੀ ਨਾਮਜ਼ਦਗੀ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੁਮਾਰ ਵਿਸ਼ਵਾਸ ਅਤੇ ਆਸ਼ੂਤੋਸ਼ ਨੂੰ ਅਣਗੋਲਿਆਂ ਨਹੀਂ ਕੀਤਾ ਜਾਣਾ ਚਾਹੀਦਾ ਸੀ। ਪੱਤਰ 'ਚ ਉਨ੍ਹਾਂ ਸਿਸੋਦੀਆ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮੁੱਦੇ ਨੂੰ ਮੀਡੀਆ 'ਚ ਨਹੀਂ ਲੈ ਕੇ ਜਾਣਗੇ ਪਰ ਸਾਰੇ ਅਖਬਾਰਾਂ ਦੀਆਂ ਸੰਪਾਦਕੀਆਂ ਨੇ ਪਾਰਟੀ ਦੀ ਲਾਹ-ਪਾਹ ਕੀਤੀ ਹੈ। ਇੱਥੋਂ ਤੱਕ ਕਿ ਟੀ. ਵੀ. ਚੈਨਲਾਂ 'ਤੇ ਪਾਰਟੀ ਦੇ ਮੈਂਬਰਾਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ।