''''ਲੋਕਾਂ ਨੂੰ ਰਾਹਤ ਨਾ ਮਿਲਣ ਤੱਕ ਜਾਰੀ ਰਹੇਗਾ ''ਆਪ'' ਦਾ ਬਿਜਲੀ ਮੋਰਚਾ''''

07/05/2019 11:36:19 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਸੂਬੇ 'ਚ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਨਿਕੰਮੀ ਸਪਲਾਈ ਦੇ ਵਿਰੋਧ 'ਚ ਕੈਪਟਨ ਸਰਕਾਰ ਵਿਰੁੱਧ ਖੋਲ੍ਹਿਆ 'ਬਿਜਲੀ ਮੋਰਚਾ' ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਨਹੀਂ ਦਿੰਦੀ, ਜੋ ਪਿਛਲੀ ਬਾਦਲ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ, ਬੇਹੱਦ ਮਹਿੰਗੇ ਅਤੇ ਮਾਰੂ ਬਿਜਲੀ ਖਰੀਦ ਸਮਝੌਤਿਆਂ (ਪੀਪੀਏਜ) ਨੂੰ ਰੱਦ ਕੀਤੇ, ਬਿਨਾਂ ਸੰਭਵ ਨਹੀਂ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਤੇ ਪਾਰਟੀ ਵੱਲੋਂ ਬਿਜਲੀ ਮੋਰਚੇ ਨਿਯੁਕਤ ਕੀਤੇ ਗਏ ਕੋਆਰਡੀਨੇਟਰ ਮੀਤ ਹੇਅਰ ਨੇ ਵੀਰਵਾਰ ਨੂੰ ਕੀਤਾ।

ਪਾਰਟੀ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਮੀਤ ਹੇਅਰ ਨੇ ਦੱਸਿਆ ਕਿ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸਰਕਾਰ ਉਦੋਂ ਤੱਕ ਨਹੀਂ ਝੁਕੇਗੀ, ਜਦ ਤੱਕ ਪਾਰਟੀਬਾਜ਼ੀ ਅਤੇ ਧੜੇਬਾਜ਼ੀ ਤੋਂ ਉੱਠ ਕੇ ਪੰਜਾਬ ਦਾ ਹਰੇਕ ਅਮੀਰ ਗ਼ਰੀਬ ਬਿਜਲੀ ਖਪਤਕਾਰ ਸਰਕਾਰੀ ਹਿੱਸੇਦਾਰੀ ਨਾਲ ਚੱਲ ਰਹੇ ਬਿਜਲੀ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਨਹੀਂ ਕਰਦਾ, ਕਿਉਂਕਿ ਬਿਜਲੀ ਦੇ ਮਹਿੰਗੇ ਬਿੱਲਾਂ ਅਤੇ ਲੱਗ ਰਹੇ ਭਾਰੀ ਕੱਟਾਂ ਦੀ ਮਾਰ ਹਰ ਕੋਈ ਝੱਲ ਰਿਹਾ ਹੈ। ਮੀਤ ਹੇਅਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਕੈਪਟਨ ਅਤੇ ਬਾਦਲਾਂ ਦੀਆਂ ਹਿੱਸੇਦਾਰੀਆਂ ਕਾਰਨ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੀਆਂ ਸ਼ਰੇਆਮ ਜੇਬਾਂ ਲੁੱਟ ਰਹੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਬਾਰੇ ਹਰੇਕ ਬਿਜਲੀ ਖਪਤਕਾਰ ਨੂੰ ਜਾਗਰੂਕ ਕਰਨ ਅਤੇ ਬਿਜਲੀ ਮੋਰਚੇ ਦਾ ਹਿੱਸਾ ਬਣਾਉਣ ਲਈ ਵਿਆਪਕ ਰੂਪ ਰੇਖਾ ਤਿਆਰ ਕਰ ਲਈ ਹੈ। ਬਿਜਲੀ ਮੋਰਚੇ ਨੂੰ ਹਰੇਕ ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ 'ਤੇ ਲਿਜਾਣ 'ਤੇ ਮੋਹਰ ਲਾਈ ਗਈ ਅਤੇ 6 ਜੁਲਾਈ ਤੋਂ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Babita

This news is Content Editor Babita