ਛੋਟੇਪੁਰ ਵਲੋਂ ਹਮਖਿਆਲੀ ਧਿਰਾਂ ਨੂੰ ਇਕ ਮੰਚ ''ਤੇ ਆਉਣ ਦੀ ਅਪੀਲ (ਵੀਡੀਓ)

01/19/2019 7:18:47 PM

ਲੁਧਿਆਣਾ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪੰਜਾਬ ਵਿਚ ਰਿਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਲੋਕਾਂ ਨੂੰ ਸਿਰਫ ਨਿਰਾਸ਼ਾ ਹੀ ਦਿੱਤੀ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਇਕ ਭਰੋਸੇਮੰਦ ਬਦਲ ਦੇਣ ਲਈ ਸਮਾਨ ਵਿਚਾਰਧਾਰਾਂ ਵਾਲੀਆਂ ਧਿਰਾਂ ਨੂੰ ਇਕ ਮੰਚ 'ਤੇ ਆਉਣਾ ਚਾਹੀਦਾ ਹੈ। ਇਸ ਲਈ ਉਹ ਰਣਜੀਤ ਸਿੰਘ ਬ੍ਰਹਮਪੁਰਾ, ਸੁਖਪਾਲ ਖਹਿਰਾ, ਬੈਂਸ ਭਰਾਵਾਂ ਤੇ ਡਾ. ਧਰਮਵੀਰ ਗਾਂਧੀ ਨੂੰ ਇਕ ਮੰਚ 'ਤੇ ਆਉਣ ਦਾ ਸੱਦਾ ਦਿੰਦੇ ਹਨ। 
ਲੁਧਿਆਣਾ 'ਚ ਵਰਕਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਸੁਝਾਅ ਦਿੱਤਾ ਸੀ ਸਾਰੀਆਂ ਧਿਰਾਂ ਨੂੰ ਪੁਰਾਣੇ ਤੀਰੇਕ ਨਾਲ ਇਕੱਠਾ ਹੋ ਕੇ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ ਅਤੇ ਉਥੇ ਪ੍ਰਧਾਨ ਦੇ ਅਹੁਦੇ ਦੀ ਪਰਚੀ ਪਾਉਣੀ ਚਾਹੀਦੀ ਹੈ, ਜਿਸ ਦੇ ਨਾਮ ਦੀ ਪਰਚੀ ਨਿਕਲੇ ਉਸ ਦੇ ਨਾਮ ਨੂੰ ਸਾਰਿਆਂ ਵਲੋਂ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਕੋ ਮੰਚ 'ਤੇ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ। 
ਪੰਜਾਬ ਸਰਕਾਰ 'ਤੇ ਹਮਲਾ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਸਰਕਾਰ ਨਸ਼ਾਖੋਰੀ, ਨੌਕਰੀ ਆਦਿ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਤੇ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਉਹ ਮੀਟਿੰਗ ਕਰ ਚੁੱਕੇ ਹਨ। ਕੁਝ ਮੰਗਾਂ ਉਨ੍ਹਾਂ 'ਆਪ' ਕੋਲ ਰੱਖੀਆਂ ਹਨ, ਜੇਕਰ ਉਹ ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਪਾਰਟੀ 'ਚ ਵਾਪਸੀ ਬਾਰੇ ਸੋਚ ਸਕਦੇ ਹਨ।

Gurminder Singh

This news is Content Editor Gurminder Singh