ਛੋਟੇਪੁਰ ਦੀ ਪਾਰਟੀ 'ਚ ਵਾਪਸੀ ਲਈ ਪੱਬਾਂ ਭਾਰ ਹੋਈ 'ਆਪ'

06/08/2020 7:39:50 PM

ਜਲੰਧਰ : 2022 ਦੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅੰਦਰਖਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। 2017 ਦੀਆਂ ਆਮ ਚੋਣਾਂ ਦੌਰਾਨ ਹੋਈਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ 'ਆਪ' ਹੁਣ ਰੁੱਸੇ ਆਗੂਆਂ ਨੂੰ ਪਾਰਟੀ 'ਚ ਵਾਪਸ ਲਿਆਉਣ ਦੀਆਂ ਵਿਉਂਤਾ ਘੜ੍ਹ ਰਹੀ ਹੈ। ਇਸ ਦੇ ਚੱਲਦੇ ਪਾਰਟੀ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਕਰਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਆਗੂਆਂ ਵੱਲੋਂ ਛੋਟੇਪੁਰ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ ਪਰ ਅਜੇ ਤਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਛੋਟੇਪੁਰ ਦਾ ਕਹਿਣਾ ਹੈ ਕਿ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਅਗਲਾ ਫ਼ੈਸਲਾ ਲੈਣਗੇ। 

ਇਹ ਵੀ ਪੜ੍ਹੋ : 2022 ਵਿਧਾਨ ਸਭਾ ਚੋਣਾਂ ਲਈ 'ਆਪ' ਫਰੋਲਣ ਲੱਗੀ ਸਿਆਸੀ ਜ਼ਮੀਨ, ਸਿੱਧੂ ਬਣੇ ਚਰਚਾ ਦਾ ਵਿਸ਼ਾ

ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ 2022 ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਮਾਝੇ ਵਿਚ ਪੈਰ ਜਮਾਉਣ ਲਈ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਹ ਵੀ ਸੂਚਨਾ ਹੈ ਕਿ ਮਾਲਵੇ ਦੇ ਦੋ ਉੱਘੇ ਆਗੂਆਂ ਵੱਲੋਂ ਛੋਟੇਪੁਰ ਨਾਲ ਗੱਲਬਾਤ ਅਤੇ ਮੀਟਿੰਗ ਕਰਨ ਦਾ ਸਿਲਸਿਲਾ ਸ਼ੁਰੂ ਵੀ ਕੀਤਾ ਗਿਆ ਹੈ। ਉਸ ਤੋਂ ਬਾਅਦ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਵੀ ਛੋਟੇਪੁਰ ਨੂੰ ਮਨਾਉਣ ਦਾ ਯਤਨ ਕਰਦਿਆਂ ਘਰ ਵਾਪਸੀ ਕਰਨ ਦਾ ਸੱਦਾ ਦਿੱਤਾ। ਫਿਲਹਾਲ ਅਜੇ ਤਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ। 

ਇਹ ਵੀ ਪੜ੍ਹੋ : ਇਕ ਦੇਸ਼ ਇਕ ਮੰਡੀ ਦਾ ਫੈਸਲਾ ਗਲਤ, ਪ੍ਰਧਾਨ ਮੰਤਰੀ ਨਾਲ ਕਰਾਂਗਾ ਗੱਲ : ਕੈਪਟਨ 

ਇਥੇ ਇਹ ਦੱਸਣਯੋਗ ਹੈ ਕਿ 2016 ਵਿਚ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਸੂਬਾ ਕਨਵੀਨਰ ਸਨ ਅਤੇ ਉਨ੍ਹਾਂ 'ਤੇ ਕਿਸੇ ਵਿਅਕਤੀ ਕੋਲੋਂ ਫੰਡ ਲੈਣ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਛੋਟੇਪੁਰ ਵਲੋਂ 'ਆਪਣਾ ਪੰਜਾਬ ਪਾਰਟੀ' ਬਣਾਈ ਸੀ ਪਰ ਉਨ੍ਹਾਂ ਦੀ ਪਾਰਟੀ ਨੂੰ ਜਨਤਾ ਵਲੋਂ ਕੁਝ ਖਾਸਾ ਹੁੰਗਾਰਾ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਦਾ ਤਾਂਡਵ, ਦੋ ਮਰੀਜ਼ਾਂ ਦੀ ਮੌਤ 

Gurminder Singh

This news is Content Editor Gurminder Singh