''ਆਪ'' ਨੂੰ ਵੱਡਾ ਝਟਕਾ, ਪਰਮਜੀਤ ਸਿੰਘ ਸਚਦੇਵਾ ਨੇ ਦਿੱਤਾ ਅਸਤੀਫਾ (ਵੀਡੀਓ)

10/30/2018 12:23:31 PM

ਹੁਸ਼ਿਆਰਪੁਰ (ਅਮਰੀਕ) —ਜ਼ਿਲਾ ਹੁਸ਼ਿਆਰਪੁਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਭਗਤ ਬਣ ਕੇ ਸਿਆਸਤ ਦੀ ਪਟੜੀ 'ਤੇ ਦੌੜਣ ਵਾਲੇ ਹੁਸ਼ਿਆਰਪੁਰ ਦੇ ਪਰਮਜੀਤ ਸਿੰਘ ਸਚਦੇਵਾ ਨੇ ਸੋਮਵਾਰ ਨੂੰ ਸਿਆਸਤ ਤੋਂ ਸਨਿਆਸ ਲੈ ਲਿਆ ਹੈ। ਸਚਦੇਵਾ ਨੇ ਨਾ ਕੇਵਲ 'ਆਪ' ਦੀ ਟੋਪੀ ਪਾਈ ਸੀ, ਸਗੋਂ ਵਿਧਾਨ ਸਭਾ ਚੋਣਾਂ 'ਚ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਤੋਂ ਟਿਕਟ ਦੀ ਬਾਜ਼ੀ ਮਾਰ ਕੇ ਚੋਣਾਂ ਵੀ ਲੜੀਆਂ ਅਤੇ ਉਹ ਤੀਜੇ ਨੰਬਰ 'ਤੇ ਰਹੇ ਸਨ। ਦੋ ਸਾਲ ਦੀ ਰਾਜਨੀਤੀ 'ਚ ਤੌਬਾ ਕਰਨ ਵਾਲੇ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ, 'ਗੰਦੀ ਹੈ ਰਾਜਨੀਤੀ' ਸ਼ਰੀਫ ਆਦਮੀ ਦੇ ਵਸ ਦੀ ਗੱਲ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ 'ਆਪ' ਦੇ ਬਾਰੇ 'ਚ ਮੂੰਹ ਤਾਂ ਨਹੀਂ ਖੋਲ੍ਹਿਆ, ਪਰ ਦਿਲ ਦਾ ਦਰਦ ਉਨ੍ਹਾਂ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ  ਉਹ 'ਆਪ' ਪਾਰਟੀ ਪੰਜਾਬ ਦੇ ਦੋ ਧੜਿਆਂ ਦੇ ਆਪਸੀ ਝਗੜੇ ਤੋਂ ਕਾਫੀ ਪਰੇਸ਼ਾਨ ਸਨ ਅਤੇ 'ਆਪ' 'ਚ ਉਹ ਕਾਫੀ ਘੁਟਣ ਮਹਿਸੂਸ ਕਰ ਰਹੇ ਸੀ। ਇਸੇ ਕਾਰਨ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਦੱਸਣਯੋਗ ਹੈ ਕਿ ਸਚਦੇਵਾ ਦੇ ਸੰਨਿਆਸ ਲੈਣ ਨਾਲ ਪੰਜਾਬ 'ਚ 'ਆਪ' ਨੂੰ ਇਕ ਹੋਰ ਝਟਕਾ ਲੱਗਾ ਹੈ। ਪ੍ਰੈੱਸ ਕਲੱਬ ਹੁਸ਼ਿਆਰਪੁਰ 'ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਪਾਰਟੀ ਨੇ ਵੀ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ 'ਚ ਵੀ ਬਹੁਤ ਕੁਝ ਖਰਾਬ ਚੱਲ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕੇਜਰੀਵਾਲ ਅਤੇ ਸਿਸੋਦੀਆ ਦੇ ਬਿਨਾਂ ਰਾਸ਼ਟਰੀ 'ਆਪ' ਪਾਰਟੀ ਨਹੀਂ ਉਸੇ ਤਰ੍ਹਾਂ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਦੇ ਬਿਨਾਂ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ। ਇਸ ਲਈ ਉਹ ਇਨ੍ਹਾਂ ਦੋਹਾਂ ਧੜਿਆਂ ਦੇ ਝਗੜੇ ਕਾਰਨ ਸੰਨਿਆਸ ਲੈ ਰਹੇ ਹਨ।