ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਐਕਸ਼ਨ ’ਚ ‘ਆਪ’ ਦੇ ‘ਵਿਧਾਇਕ’, ਹਸਪਤਾਲ ’ਚ ਕੀਤੀ ਰੇਡ

03/12/2022 6:27:14 PM

ਮਖੂ (ਵਾਹੀ) : ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਵਾਲੇ ਆਗੂ ਐਕਸ਼ਨ ਵਿਚ ਆ ਗਏ ਹਨ। ਇਸੇ ਲੜੀ ਤਹਿਤ ਜ਼ੀਰਾ ਦੇ ‘ਆਪ’ ਵਿਧਾਇਕ ਨਰੇਸ਼ ਕਟਾਰੀਆ ਨੇ ਸਿਵਲ ਹਸਪਤਾਲ ਮਖੂ ਵਿਖੇ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਹਸਪਤਾਲ ’ਚ ਸਵੇਰੇ 10:40 ਦਾ ਟਾਈਮ ਸੀ ਅਤੇ ਹਸਪਤਾਲ ਦੀ ਐੱਸ. ਐੱਮ. ਓ. ਹਾਜ਼ਰ ਨਹੀਂ ਸਨ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਪਹਿਲਾ ਐਕਸ਼ਨ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤਾ ਵੱਡਾ ਝਟਕਾ

ਹਸਪਤਾਲ ’ਚ ਸੀ ਸਫਾਈ ਦਾ ਮਾੜਾ ਹਾਲ
ਵਿਧਾਇਕ ਕਟਾਰੀਆ ਨੇ ਹਸਪਤਾਲ ਦੀ ਸਫਾਈ ਦਾ ਮਾੜਾ ਹਾਲ ਹੋਣ ਸਬੰਧੀ ਚਿੰਤਾਂ ਜ਼ਾਹਰ ਕੀਤੀ। ਹਸਪਤਾਲ ਦੇ ਕਮਰੇ ਅਤੇ ਹੋਰ ਥਾਵਾਂ ਦੀਆਂ ਛੱਤਾਂ ਜਾਲੇ ਨਾਲ ਭਰੀਆਂ ਹੋਈਆਂ ਸਨ। ਫਰਸ਼ ’ਤੇ ਗੰਦਗੀ ਖਿਲਰੀ ਹੋਈ ਸੀ। ਇਸ ਹਸਪਤਾਲ ਦੇ ਚੀਫ ਫਾਰਮਾਂਸਿਸਟ ਵਰਿੰਦਰ ਕੁਮਾਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਹਸਪਤਾਲ ਵਿਖੇ ਸਥਾਈ ਸਫਾਈ ਕਰਮਚਾਰੀਆਂ ਦੀਆਂ 5 ਪੋਸਟਾਂ ਹਨ ਜੋ ਖਾਲ੍ਹੀ ਹਨ ਅਤੇ ਹਸਪਤਾਲ ਵੱਲੋਂ ਅਸਥਾਈ ਤੌਰ ’ਤੇ 2 ਸਫਾਈ ਕਰਮਚਾਰੀ ਰੱਖੇ ਹੋਏ ਹਨ ਜੋ ਪੂਰਾ ਹਸਪਤਾਲ ਸੰਭਾਲਦੇ ਹਨ ਜਿਸ ਕਾਰਣ ਹਸਪਤਾਲ ਦੀ ਢੁੱਕਵੀਂ ਸਫਾਈ ਨਹੀਂ ਹੋ ਪਾ ਰਹੀ। ਇਸ ਮੌਕੇ ਵੇਖਿਆ ਗਿਆ ਕਿ ਓਟ ਸੈਂਟਰ ਵਿਚੋਂ ਗੋਲੀਆਂ ਲੈਣ ਵਾਲੇ ਨਸ਼ੇ ਦੇ ਆਦਿ ਹਸਪਤਾਲ ਦੀ ਬਿਲਡਿੰਗ ਦੇ ਅੰਦਰ ਤੱਕ ਸਾਈਕਲ, ਮੋਟਰਸਾਈਕਲ ਲੈ ਕੇ ਜਾ ਰਹੇ ਸਨ ਜਿਸ ਕਾਰਣ ਇਨ੍ਹਾਂ ਦੇ ਟਾਇਰਾਂ ਦੇ ਨਾਲ ਲੱਗੀ ਗੰਦਗੀਂ ਅੰਦਰ ਫਰਸ਼ ’ਤੇ ਲੱਗ ਰਹੀ ਸੀ ਜਿਸ ਦਾ ਵਿਧਾਇਕ ਕਟਾਰੀਆ ਨੇ ਕਾਰਣ ਪੁੱਛਿਆ ਤਾਂ ਹਸਪਤਾਲ ਸਟਾਫ ਨੇ ਕਿਹਾ ਕਿ ਚੌਕੀਂਦਾਰ ਦੀ ਵੀ ਪੋਸਟ ਖਾਲ੍ਹੀ ਹੈ। ਹਸਪਤਾਲ ਵਿੱਚੋਂ ਮੋਟਰਸਾਈਕਲ ਵੱਡੀ ਗਿਣਤੀ ਵਿਚ ਚੋਰੀ ਹੋ ਰਹੇ ਹਨ ਜਿਸ ਕਾਰਣ ਲੋਕ ਮੋਟਰਸਾਈਕਲ ਅਤੇ ਸਾਈਕਲ ਅੰਦਰ ਕਮਰਿਆਂ ਤੱਕ ਲੈ ਜਾ ਰਹੇ ਹਨ ਤੇ ਇਹ ਰੋਕਣ ’ਤੇ ਵੀ ਰੁੱਕ ਨਹੀਂ ਰਹੇ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕੱਖੋਂ ਹੌਲੀ ਹੋਈ ਕਾਂਗਰਸ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ

ਇਹ ਪੋਸਟਾਂ ਹਨ ਹਸਪਤਾਲ ਵਿੱਚ ਖਾਲ੍ਹੀ
ਇਥੇ ਇਹ ਵਰਨਣਯੋਗ ਹੈ ਕਿ ਮਖੂ ਸਿਵਲ ਹਸਪਤਾਲ ਦੀ ਇਮਾਰਤ ਆਲੀਸ਼ਾਨ ਹੈ ਪਰ ਇਸ ਹਸਪਤਾਲ ਦੀਆਂ 75 ਫੀਸਦੀ ਪੋਸਟਾਂ ਖਾਲ੍ਹੀ ਹਨ। ਇਥੇ ਮੈਡੀਕਲ ਅਫਸਰ ਦੀਆਂ 4, ਅੱਖਾਂ ਦੇ ਮਾਹਰ ਦੀ 1, ਸੀਨੀਅਰ ਫਾਰਮੇਸ਼ੀ ਅਫਸਰ ਦੀ 1, ਲੈਬ ਟੈਕਨੀਸ਼ੀਅਨ ਦੀਆਂ 2, ਫਾਰਮੇਸੀ ਅਫਸਰ ਦੀਆਂ 2, ਏ. ਐੱਨ. ਐੱਮ. ਦੀ 1, ਰੇਡੀਓਗ੍ਰਾਫਰ ਦੀ 1, ਸਟਾਫ ਨਰਸ ਦੀਆਂ3, ਨਰਸਿੰਗ ਸਿਸਟਰ ਦੀ 1, ਕਲਰਕ ਦੀ 1, ਸਫਾਈ ਕਰਮਚਾਰੀ ਦੀਆਂ 4, ਕਲਾਸ ਫੋਰ ਦੀਆਂ 2, ਚੌਂਕੀਦਰ ਦੀ 1 ਪੋਸਟ ਖਾਲ੍ਹੀ ਹੈ।

ਇਹ ਵੀ ਪੜ੍ਹੋ : ਹਲਕਾ ਸੰਗਰੂਰ ਦੇ ਲੋਕ ਫਿਰ ਪਾਉਣਗੇ ਵੋਟਾਂ, ਅਸਤੀਫ਼ਾ ਦੇਣਗੇ ਭਗਵੰਤ ਮਾਨ

ਹਸਪਤਾਲ ਦੀ ਕਾਇਆ ਕਲਪ ਕੀਤੀ ਜਾਵੇਗੀ : ਕਟਾਰੀਆ
ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਸਪਤਾਲਾਂ ਨੂੰ ਕੋਈ ਵੀ ਸੁਵਿਧਾ ਨਹੀਂ ਦਿੱਤੀ ਅਤੇ ਸਾਰਾ ਧਿਆਨ ਵਿਰੋਧੀਆਂ ਦੇ ਪਰਚੇ ਕਰਨ ਵੱਲ ਹੀ ਲਗਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਸਪਤਾਲ ਵਿਚ ਖਾਲ੍ਹੀ ਪੋਸਟਾਂ ਭਰ ਕੇ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ। ਹਸਪਤਾਲਾਂ ਵਿਚੋਂ ਬਾਹਰ ਦੀ ਪਰਚੀ ਅਤੇ ਬਾਹਰ ਦੇ ਟੈਸਟ ਸਖ਼ਤੀ ਨਾਲ ਬੰਦ ਕਰਵਾਏ ਜਾਣਗੇ। ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਹਸਪਤਾਲ ਵਿਚ ਨਸ਼ੇ ਦੇ ਆਦੀ ਜੋ ਪਿਛਲੇ ਲੰਮੇ ਸਮੇਂ ਤੋਂ ਗੋਲੀਆਂ ਖਾ ਰਹੇ ਹਨ ਦਾ ਢੁਕਵਾਂ ਇਲਾਜ ਕਰਵਾ ਕੇ ਗੋਲੀਆਂ ਛੁਡਵਾਈਆਂ ਜਾਣਗੀਆਂ। ਹਸਪਤਾਲ ’ਚ ਹੋ ਰਹੀਆਂ ਚੋਰੀਆਂ ਸਬੰਧੀ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh