ਖ਼ਾਸ ਗੱਲਬਾਤ ਦੌਰਾਨ ਬੋਲੇ 'ਆਪ' ਉਮੀਦਵਾਰ ਸੁਸ਼ੀਲ ਰਿੰਕੂ, 'ਲੁੱਟ-ਖਸੁੱਟ ਨਹੀਂ ਚੱਲਣ ਦਿਆਂਗੇ, ਮੈਂ ਜਨਤਾ ਦੇ ਨਾਲ'

04/09/2023 11:58:14 AM

ਜਲੰਧਰ (ਸੁਨੀਲ ਧਵਨ)–ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ‘ਆਪ’ ਵਿਚ ਸ਼ਾਮਲ ਕਰਕੇ ਚੋਣ ਮੈਦਾਨ ਵਿਚ ਉਤਾਰਿਆ ਹੈ। ਅਜਿਹਾ ਕਰ ਕੇ ‘ਆਪ’ ਨੇ ਇਕ ਵੱਡਾ ਦਾਅ ਖੇਡਿਆ ਹੈ। ਰਿੰਕੂ ਨੂੰ ਕਾਂਗਰਸ ਨਾਲੋਂ ਤੋੜ ਕੇ ਜਿੱਥੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਭਾਰੀ ਝਟਕਾ ਦਿੱਤਾ ਸੀ, ਉਥੇ ਹੀ, ਪੰਜਾਬ ਦੇ ਸਮੁੱਚੇ ਸਿਆਸੀ ਹਾਲਾਤ ’ਚ ਮੋੜ ਲਿਆ ਦਿੱਤਾ ਹੈ।
ਰਿੰਕੂ ਜਿਹੜੇ ਕਿ ਜ਼ਮੀਨੀ ਆਗੂ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਕਾਂਗਰਸ ਵਿਚ ਰਹਿੰਦੇ ਹੋਏ ਵੀ ਜਨਤਾ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਕਦੀ ਕੋਈ ਸਮਝੌਤਾ ਨਹੀਂ ਕੀਤਾ ਸੀ, ਉਹ ਹੁਣ ਚੋਣ ਮੈਦਾਨ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਹੋਰ ਪਾਰਟੀਆਂ ਨੂੰ ਚੁਣੌਤੀ ਦੇਣਗੇ। ਸੁਸ਼ੀਲ ਰਿੰਕੂ ਨਾਲ ਅੱਜ ਸੰਖੇਪ ਮੁਲਾਕਾਤ ਕੀਤੀ ਗਈ, ਜਿਸ ਵਿਚ ਜਲੰਧਰ ਨਾਲ ਜੁੜੇ ਮਸਲਿਆਂ ’ਤੇ ਉਨ੍ਹਾਂ ਨਾਲ ਗੱਲ ਕੀਤੀ ਗਈ।

ਸਵਾਲ : ਭ੍ਰਿਸ਼ਟਾਚਾਰ ਨੂੰ ਲੈ ਕੇ ਤੁਹਾਡਾ ਕੀ ਸਟੈਂਡ ਰਹੇਗਾ?
ਜਵਾਬ :
ਜਲੰਧਰ ਵਿਚ ਮੈਂ ਲੁੱਟ-ਖਸੁੱਟ ਬਿਲਕੁਲ ਨਹੀਂ ਚੱਲਣ ਦਿਆਂਗਾ ਕਿਉਂਕਿ ਮੈਂ ਪੂਰੀ ਤਰ੍ਹਾਂ ਨਾਲ ਜਨਤਾ ਦੇ ਨਾਲ ਹਾਂ। ਜਿਹੜਾ ਵੀ ਲੁੱਟ-ਖਸੁੱਟ ਕਰੇਗਾ, ਉਸ ਨੂੰ ਮੈਂ ਬੇਨਕਾਬ ਕਰਾਂਗਾ। ਵੈਸੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਸਬੰਧੀ ਮੁਹਿੰਮ ਚਲਾਈ ਹੋਈ ਹੈ। ਜਲੰਧਰ ਵਿਚ ਇਸ ਮੁਹਿੰਮ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਲੁੱਟ-ਖਸੁੱਟ ਕਰਨ ਵਾਲੇ ਭਾਵੇਂ ਉਹ ਸਿਆਸਤਦਾਨ ਹੋਣ, ਭਾਵੇਂ ਹੋਰ, ਉਨ੍ਹਾਂ ਨਾਲ ਮੈਂ ਕਦੀ ਕੋਈ ਸਮਝੌਤਾ ਕਰਨ ਵਾਲਾ ਨਹੀਂ ਹਾਂ।

ਇਹ ਵੀ ਪੜ੍ਹੋ : ਸਿਹਤ ਵਿਭਾਗ ’ਚ ਸਿਵਲ ਸਰਜਨਾਂ ਦੇ ਕੀਤੇ ਗਏ ਤਬਾਦਲੇ

ਸਵਾਲ : ਜਲੰਧਰ ਵਿਚ ਲੋਕਾਂ ਨੂੰ ਕਈ ਮਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਲੰਧਰ ਨੂੰ ਲੈ ਕੇ ਤੁਹਾਡੀਆਂ ਕੀ ਪਹਿਲਕਦਮੀਆਂ ਰਹਿਣਗੀਆਂ?
ਜਵਾਬ :
ਜਲੰਧਰ ਦੇ ਲੋਕਾਂ ਦੇ ਮਸਲੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਮੈਂ ਜਨਤਾ ਦੇ ਵਿਕਾਰ ਹੀ ਰਹਿੰਦਾ ਹਾਂ। ਇਸ ਸਮੇਂ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਕਾਫ਼ੀ ਗੰਭੀਰ ਬਣੀ ਹੋਈ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਸ਼ਹਿਰ ਵਿਚ ਐਲੀਵੇਟਿਡ ਰੋਡ ਬਣਾਉਣ ਦੀ ਲੋੜ ਹੈ। ਸ਼ਹਿਰ ਵਾਸੀ ਘੰਟਿਆਬੱਧੀ ਜਾਮ ਵਿਚ ਫਸੇ ਰਹਿੰਦੇ ਹਨ। ਕਈ ਥਾਵਾਂ ’ਤੇ ਟਰੈਫਿਕ ਲਾਈਟਾਂ ’ਤੇ ਵੀ ਜਾਮ ਲੱਗਾ ਰਹਿੰਦਾ ਹੈ। ਟਰੈਫਿਕ ਦੀ ਸਮੱਸਿਆ ਉਨ੍ਹਾਂ ਦੇ ਏਜੰਡੇ ਵਿਚ ਉਪਰ ਹੈ। ਇਸ ਦਾ ਹੱਲ ਉਹ ਪੁਲਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਕਰਨਗੇ।

ਸਵਾਲ : ਆਦਮਪੁਰ ਏਅਰਪੋਰਟ ਕਾਫ਼ੀ ਸਮੇਂ ਤੋਂ ਬੰਦ ਪਿਆ ਹੋਇਆ ਹੈ। ਇਸ ਨੂੰ ਸ਼ੁਰੂ ਕਰਵਾਉਣ ਲਈ ਤੁਹਾਡੀ ਕੀ ਪਹਿਲਕਦਮੀ ਰਹੇਗੀ?
ਜਵਾਬ :
ਆਦਮਪੁਰ ਏਅਰਪੋਰਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇਗਾ ਤਾਂ ਕਿ ਜਲੰਧਰ ਦੇ ਲੋਕਾਂ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਫਲਾਈਟਾਂ ਨਾ ਫੜਨੀਆਂ ਪੈਣ। ਲੋਕਾਂ ਦਾ ਸਮਾਂ ਬਰਬਾਦ ਹੁੰਦਾ ਹੈ। ਆਦਮਪੁਰ ਏਅਰਪੋਰਟ ਤੋਂ ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਲਈ ਫਲਾਈਟਾਂ ਸ਼ੁਰੂ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਲਈ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਦੇ ਸਾਹਮਣੇ ਆਦਮਪੁਰ ਤੋਂ ਵੱਧ ਤੋਂ ਵੱਧ ਘਰੇਲੂ ਉਡਾਣਾਂ ਸ਼ੁਰੂ ਕਰਵਾਉਣ ਦਾ ਮਾਮਲਾ ਉਠਾਇਆ ਜਾਵੇਗਾ।

ਇਹ ਵੀ ਪੜ੍ਹੋ : ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨਾਲ ਮਿਲ ਕੇ ਕੀਤਾ ਦੁੱਖ਼ ਸਾਂਝਾ

ਸਵਾਲ : ਜਲੰਧਰ ਤੋਂ ਸ਼ਤਾਬਦੀ ਐਕਸਪ੍ਰੈੱਸ ਹਮੇਸ਼ਾ ਫੁੱਲ ਹੋ ਕੇ ਜਾਂਦੀ ਹੈ। ਲੋਕਾਂ ਨੂੰ ਸੀਟ ਲਈ ਉਡੀਕ ਕਰਨੀ ਪੈਂਦੀ ਹੈ। ਅਜੇ ਤੱਕ ਕੋਈ ਹੋਰ ਸੁਪਰਫਾਸਟ ਗੱਡੀ ਨਹੀਂ ਚਲਾਈ ਗਈ।
ਜਵਾਬ :
ਮੇਰੀ ਕੋਸ਼ਿਸ਼ ਰਹੇਗੀ ਕਿ ਜਲੰਧਰ ਤੋਂ ਦਿੱਲੀ ਲਈ ਬੁਲੇਟ ਟਰੇਨ ਚਲਾਈ ਜਾਵੇ ਜਾਂ ਫਿਰ ਸ਼ਤਾਬਦੀ ਤੋਂ ਤੇਜ਼ ਇਕ ਨਵੀਂ ਗੱਡੀ ਚਲਾਈ ਜਾਵੇ ਕਿਉਂਕਿ ਜਲੰਧਰ ਤੋਂ ਦਿੱਲੀ ਜਾਣ ਲਈ ਯਾਤਰੀਆਂ ਦੀ ਕਾਫ਼ੀ ਭੀੜ ਲੱਗੀ ਹੁੰਦੀ ਹੈ। ਲੋਕਾਂ ਨੂੰ ਵੇਟਿੰਗ ਹਾਲ ਵਿਚ ਉਡੀਕ ਨਾ ਕਰਨੀ ਪਵੇ, ਇਸ ਦੇ ਲਈ ਇਹ ਮਾਮਲਾ ਸੰਸਦ ਵਿਚ ਵੀ ਉਠਾਇਆ ਜਾਵੇਗਾ ਅਤੇ ਭਾਰਤ ਸਰਕਾਰ ਦੇ ਸਾਹਮਣੇ ਵੀ। ਭਾਰਤ ਸਰਕਾਰ ਜੇਕਰ ਹੋਰ ਥਾਵਾਂ ’ਤੇ ਬੁਲੇਟ ਟਰੇਨ ਚਲਾ ਸਕਦੀ ਹੈ ਤਾਂ ਫਿਰ ਜਲੰਧਰ ਅਤੇ ਦਿੱਲੀ ਵਿਚਕਾਰ ਇਹ ਕਿਉਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ।

ਸਵਾਲ : ਰੇਲਵੇ ਸਟੇਸ਼ਨਾਂ ’ਚ ਸੁਧਾਰ ਲਿਆਉਣ ਲਈ ਕੀ ਪਹਿਲਕਦਮੀ ਰਹੇਗੀ?
ਜਵਾਬ :
ਜਲੰਧਰ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਦੋਵਾਂ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਨ੍ਹਾਂ ਦੋਵਾਂ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਦੀ ਲੋੜ ਹੈ। ਇਹ ਮਾਮਲਾ ਵੀ ਭਾਰਤ ਸਰਕਾਰ ਦੇ ਰੇਲਵੇ ਮੰਤਰਾਲਾ ਦੇ ਸਾਹਮਣੇ ਉਠਾਇਆ ਜਾਵੇਗਾ।

ਸਵਾਲ : ਇੰਡਸਟਰੀ ਨੂੰ ਲੈ ਕੇ ਤੁਹਾਡੀਆਂ ਕੀ ਪਹਿਲਕਦਮੀਆਂ ਰਹਿਣਗੀਆਂ?
ਜਵਾਬ :
ਇੰਡਸਟਰੀ ਨੂੰ ਇਸ ਸਮੇਂ ਜੀ. ਐੱਸ. ਟੀ. ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਸਲੇ ਸੂਬਾ ਸਰਕਾਰ ਸਾਹਮਣੇ ਲਿਆਂਦੇ ਜਾਣਗੇ ਤਾਂ ਕਿ ਉਹ ਕੇਂਦਰੀ ਵਿੱਤ ਮੰਤਰਾਲੇ ਤੋਂ ਇਨ੍ਹਾਂ ਮਸਲਿਆਂ ਦਾ ਹੱਲ ਕਰਵਾਉਣ ਲਈ ਗੱਲਬਾਤ ਕਰ ਸਕਣ। ਹੈਂਡਟੂਲ, ਰਬੜ ਉਤਪਾਦ, ਸਪੋਰਟਸ ਆਈਟਮਾਂ ਅਤੇ ਕਈ ਹੋਰ ਉਤਪਾਦਾਂ ’ਤੇ ਜੀ. ਐੱਸ. ਟੀ. ਦੀ ਦਰ ਕਾਫ਼ੀ ਜ਼ਿਆਦਾ ਹੈ, ਜਿਸ ਵਿਚ ਕਮੀ ਲਿਆਉਣ ਦੀ ਲੋੜ ਹੈ। ਜਲੰਧਰ ’ਚ ਵੱਖ-ਵੱਖ ਇੰਡਸਟਰੀਆਂ ਲਈ ਕਲੱਸਟਰ ਬਣਾਉਣ ਦੀ ਲੋੜ ਹੈ।

ਸਵਾਲ : ਕਿਸਾਨਾਂ ਨੂੰ ਬਾਰਿਸ਼ ਕਾਰਨ ਕਾਫ਼ੀ ਨੁਕਸਾਨ ਉਠਾਉਣਾ ਪਿਆ ਹੈ। ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਲਈ ਕੀ ਕਦਮ ਚੁੱਕੇ ਜਾਣਗੇ?
ਜਵਾਬ :
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਪੁੱਜੇ ਨੁਕਸਾਨ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਜਲਦ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਸੂਬਾ ਸਰਕਾਰ ਨੇ ਤਾਂ ਆਪਣਾ ਫਰਜ਼ ਨਿਭਾਅ ਦਿੱਤਾ, ਹੁਣ ਕੇਂਦਰ ਸਰਕਾਰ ਨੇ ਆਪਣਾ ਫਰਜ਼ ਨਿਭਾਉਣਾ ਹੈ ਅਤੇ ਉਸਨੂੰ ਵੀ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ।

ਕਾਂਗਰਸ ਨੂੰ ਛੱਡਣ ਦਾ ਫ਼ੈਸਲਾ ਕਿਉਂ ਲਿਆ?
ਸੁਸ਼ੀਲ ਰਿੰਕੂ ਨੇ ਕਿਹਾ ਕਿ ਕਾਂਗਰਸ ਇਸ ਸਮੇਂ ਵੱਖ-ਵੱਖ ਧੜਿਆਂ ਵਿਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਵਿਚ ਆਪਸੀ ਲੜਾਈ ਹੋਰ ਤੇਜ਼ ਹੋ ਜਾਵੇਗੀ। 2022 ਵਿਚ ਵੀ ਕਾਂਗਰਸ ਇਸੇ ਲਈ ਸੱਤਾ ਵਿਚ ਨਹੀਂ ਆ ਸਕੀ ਸੀ ਕਿਉਂਕਿ ਕਾਂਗਰਸ ਦੇ ਅੰਦਰ ਆਪਸੀ ਲੜਾਈ ਕਾਫ਼ੀ ਜ਼ਿਆਦਾ ਹੋ ਚੁੱਕੀ ਸੀ। ਇਸ ਨੂੰ ਫਿਰ ਤੋਂ ਦੁਹਰਾਇਆ ਜਾ ਰਿਹਾ ਹੈ। ਕਾਂਗਰਸ ਕਈ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ ਅਤੇ ਲੋਕਾਂ ਦਾ ਭਲਾ ਕਿਸ ਤਰ੍ਹਾਂ ਨਾਲ ਕਰੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫ਼ੈਸਲਾ, ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਿਆ

ਜਲੰਧਰ ’ਚ ਸਫ਼ਾਈ ਵਿਵਸਥਾ ਨੂੰ ਲੈ ਕੇ ਕੀ ਯੋਜਨਾ ਬਣਾਈ ਹੈ?
ਜਲੰਧਰ ’ਚ ਸਫ਼ਾਈ ਵਿਵਸਥਾ ਵਿਚ ਸੁਧਾਰ ਲਿਆਉਣ ਲਈ ਕਈ ਕਦਮ ਚੁੱਕਣ ਦੀ ਲੋੜ ਹੈ। ਹਰੇਕ ਵਾਰਡ ਿਵਚ ਸਫਾਈ ਵਿਵਸਥਾ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਇਸ ਨੂੰ ਲੈ ਕੇ ਜਲਦ ਉਹ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਸ਼ਹਿਰ ਵਿਚ ਜੰਗੀ ਪੱਧਰ ’ਤੇ ਸਫਾਈ ਵਿਵਸਥਾ ਨੂੰ ਸੁਧਾਰਨ ਲਈ ਮੁਹਿੰਮ ਚਲਾਈ ਜਾਵੇਗੀ।

ਬਾਜਵਾ ਨੇ ਕਿਹਾ-ਰਿੰਕੂ ਇਕੱਲੇ ਹੀ ‘ਆਪ’ ’ਚ ਗਏ ਹਨ, ਉਨ੍ਹਾਂ ਦੇ ਨਾਲ ਕੋਈ ਆਗੂ ਨਹੀਂ ਗਿਆ
ਅਜੇ ਤਾਂ ਸ਼ੁਰੂਆਤ ਹੋਈ ਹੈ। ਅੱਗੇ-ਅੱਗੇ ਵੇਖੋ ਕੀ-ਕੀ ਹੁੰਦਾ ਹੈ। ਅਜੇ ਤਾਂ ਚੋਣ ਬਿਗੁਲ ਵੀ ਪੂਰੀ ਤਰ੍ਹਾਂ ਨਹੀਂ ਵੱਜਿਆ। ਆਉਣ ਵਾਲੇ ਸਮੇਂ ’ਚ ਪਤਾ ਲੱਗ ਜਾਵੇਗਾ ਕਿ ਕੌਣ-ਕੌਣ ਰਿੰਕੂ ਦੇ ਨਾਲ ਹੈ ਅਤੇ ਕੌਣ-ਕੌਣ ਕਾਂਗਰਸ ਦੇ। ਇਸ ਸਮੇਂ ਕਾਂਗਰਸ ਡੁਬਦੀ ਬੇੜੀ ਹੈ ਅਤੇ ਡੁਬਦੀ ਬੇੜੀ ਵਿਚ ਕੋਈ ਵੀ ਆਗੂ ਸਵਾਰ ਨਹੀਂ ਹੋਣਾ ਚਾਹੇਗਾ। ਕਾਂਗਰਸ ਦੇ ਕਈ ਆਗੂ ਆਉਣ ਵਾਲੇ ਸਮੇਂ ਵਿਚ ‘ਆਪ’ ਵਿਚ ਸ਼ਾਮਲ ਹੋ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਖੁਦ ਚੋਣ ਦੰਗਲ ਵਿਚ ਨਿੱਤਰਨਗੇ ਅਤੇ ਕਾਂਗਰਸ ਤੇ ਹੋਰਨਾਂ ਪਾਰਟੀਆਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਠਹਿਰਦੀਆਂ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ, ਡੀ. ਸੀ. ਨੇ ਜਾਰੀ ਕੀਤੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri