ਪੰਜਾਬ ''ਚ ਛੇ ਮਹੀਨਿਆਂ ''ਚ ਖਿੱਲਰ ਗਿਆ ਝਾੜੂ!

10/16/2017 8:52:28 AM

ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਵਿਚ 2017 'ਚ ਬਹੁਮਤ ਨਾਲ ਜਿੱਤਣ ਦਾ ਡੰਕਾ ਵਜਾਉਣ ਤੇ ਚੋਣ ਨਤੀਜਿਆਂ ਵਿਚ 20 ਦੇ ਲਗਭਗ ਸੀਟਾਂ 'ਤੇ ਸਿਮਟ ਜਾਣ ਵਾਲੀ ਆਮ ਆਦਮੀ ਪਾਰਟੀ ਦਾ ਛੇ ਮਹੀਨਿਆਂ ਬਾਅਦ ਇਹ ਦੂਜਾ ਇਮਤਿਹਾਨ ਸੀ, ਜਿਸ 'ਚ ਉਸ ਨੇ ਗੁਰਦਾਸਪੁਰ ਲੋਕ ਸਭਾ ਉਪ ਚੋਣ ਵਿਚ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾ ਕੇ ਉਤਾਰਿਆ ਸੀ ਪਰ ਜਿਸ ਤਰੀਕੇ ਨਾਲ ਹੁਣ ਚੋਣ ਨਤੀਜੇ ਸਾਹਮਣੇ ਆਏ ਹਨ, ਉਸ ਨਾਲ ਪੰਜਾਬ ਵਿਚ ਛੇ ਮਹੀਨਿਆਂ ਪਹਿਲਾਂ ਆਪਣੇ ਦਮ 'ਤੇ ਸਰਕਾਰ ਬਣਾਉਣ ਦੇ ਸੁਪਨੇ ਲੈਣ ਵਾਲੀ ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਗਿਆ ਤੇ ਜੋ ਨਤੀਜੇ ਆਏ ਹਨ, ਉਸ ਨੂੰ ਦੇਖ ਕੇ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨੇਤਾਵਾਂ ਦੇ ਤੋਤੇ ਉੱਡ ਗਏ ਹਨ। ਇਥੇ ਹੀ ਬਸ ਨਹੀਂ, ਇਸ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਦੋ ਨੇਤਾ ਪਾਰਟੀ ਦੇ ਬਦਲੇ ਸਨ, ਜਿਨ੍ਹਾਂ 'ਚ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਸ. ਫੂਲਕਾ ਨੂੰ ਹਟਾ ਕੇ ਸ਼੍ਰੀ ਸੁਖਪਾਲ ਖਹਿਰਾ ਬਣਾਇਆ ਸੀ।  ਜਦੋਂਕਿ ਗੁਰਪ੍ਰੀਤ ਘੁੱਗੀ ਨੂੰ ਉਤਾਰ ਕੇ ਪਾਰਟੀ ਦੀ ਕਮਾਨ ਭਗਵੰਤ ਮਾਨ ਨੂੰ ਸੌਂਪੀ ਸੀ। ਇਹ ਦੋ ਆਗੂਆਂ ਵਿਚ ਹੱਥ ਗੁਰਦਾਸਪੁਰ ਦੀ ਚੋਣ ਦੀ ਵਾਗਡੋਰ ਸੀ। ਹੁਣ ਤਾਜ਼ੇ ਨਤੀਜੇ ਦੇਖ ਕੇ ਦੋਵੇਂ ਬਦਲੇ ਆਗੂਆਂ ਦੇ ਰਾਜਸੀ ਭਵਿੱਖ ਨੂੰ ਗ੍ਰਹਿ ਲੱਗਿਆ ਲੱਗ ਰਿਹਾ ਹੈ। ਹੁਣ ਇਸ ਦਾ ਸਿੱਧਾ ਅਸਰ ਨਗਰ ਨਿਗਮ ਦੀਆਂ ਚੋਣਾਂ 'ਤੇ ਪੈਣ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ।