ਪੰਜਾਬ ਕੈਬਨਿਟ ’ਚ ਅਜੇ 7 ਅਹੁਦੇ ਖ਼ਾਲੀ, ਸੰਵਿਧਾਨਕ ਨਿਯਮਾਂ ਮੁਤਾਬਕ ਮੁੱਖ ਮੰਤਰੀ ਸਣੇ ਕੁੱਲ 18 ਮੰਤਰੀ ਹੀ ਬਣ ਸਕਣਗੇ

03/20/2022 12:00:45 PM

ਜਲੰਧਰ (ਧਵਨ)-ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ’ਚ ਅੱਜ 10 ਨਵੇਂ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕਰਨ ਦੇ ਨਾਲ ਹੀ ਮੁੱਖ ਮੰਤਰੀ ਸਮੇਤ 11 ਮੰਤਰੀ ਸਰਕਾਰ ’ਚ ਸ਼ਾਮਲ ਹੋ ਚੁੱਕੇ ਹਨ। ਸੰਵਿਧਾਨਕ ਨਿਯਮਾਂ ਅਨੁਸਾਰ ਪੰਜਾਬ ਕੈਬਨਿਟ ’ਚ ਕੁਲ 18 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਕੁਲ 92 ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ।

ਨਿਯਮਾਂ ਅਨੁਸਾਰ ਅਜੇ ਪੰਜਾਬ ਕੈਬਨਿਟ ’ਚ 7 ਹੋਰ ਕੈਬਨਿਟ ਮੰਤਰੀਆਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਅਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਦੱਸਿਆ ਹੈ ਕਿ ਅਗਲਾ ਕੈਬਨਿਟ ਵਿਸਤਾਰ ਕਦੋਂ ਕੀਤਾ ਜਾਵੇਗਾ ਅਤੇ ਖ਼ਾਲੀ ਪਏ ਅਹੁਦੇ ਕਦੋਂ ਭਰੇ ਜਾਣਗੇ ਪਰ ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਵੱਲੋਂ ਅਗਲੇ ਕੈਬਨਿਟ ਵਿਸਤਾਰ ਨੂੰ ਲੈ ਕੇ ਜ਼ਿਆਦਾ ਦੇਰ ਨਹੀਂ ਕੀਤੀ ਜਾਵੇਗੀ ਕਿਉਂਕਿ ਪੰਜਾਬ ਬਹੁਤ ਵੱਡਾ ਸੂਬਾ ਹੈ। ਅਜੇ ਮੁੱਖ ਮੰਤਰੀ ਸਮੇਤ 11 ਮੰਤਰੀਆਂ ਕੋਲ ਸਾਰੇ ਸਰਕਾਰੀ ਮਹਿਕਮੇ ਰਹਿਣਗੇ। ਇਸ ਲਈ ਮੰਤਰੀਆਂ ਉੱਤੇ ਕਾਫ਼ੀ ਬੋਝ ਆ ਜਾਵੇਗਾ।

ਇਹ ਵੀ ਪੜ੍ਹੋ:  ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਗਲੇ ਕੈਬਨਿਟ ਵਿਸਤਾਰ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਛੇਤੀ ਚਰਚਾ ਕੀਤੀ ਜਾਵੇਗੀ। ਅਜੇ ਵੀ ਕਈ ਮਸ਼ਹੂਰ ਚਿਹਰਿਆਂ ਨੂੰ ਕੈਬਨਿਟ ’ਚ ਸਥਾਨ ਦਿੱਤਾ ਜਾਣਾ ਹੈ। ਸੰਵਿਧਾਨਕ ਨਿਯਮਾਂ ਮੁਤਾਬਕ ਹੁਣ ਸਰਕਾਰ ’ਚ ਮੁੱਖ ਸੰਸਦੀ ਸਕੱਤਰ ਵੀ ਨਹੀਂ ਬਣਾਏ ਜਾ ਸਕਦੇ ਹਨ। ਇਸ ਲਈ 7 ਖ਼ਾਲੀ ਪਏ ਅਹੁਦਿਆਂ ਨੂੰ ਅਗਲੇ ਕੁਝ ਸਮੇਂ ਦੇ ਅੰਦਰ ਭਰ ਦਿੱਤਾ ਜਾਵੇਗਾ।

ਪੰਜਾਬ ਕੈਬਨਿਟ ’ਚ ਅਜੇ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਆਦਿ ਨੂੰ ਨੁਮਾਇੰਦਗੀ ਦਿੱਤੀ ਜਾਣੀ ਬਾਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਗਲੇ ਕੈਬਨਿਟ ਵਿਸਤਾਰ ਦੇ ਸਮੇਂ ਸਾਰੇ ਖੇਤਰਾਂ ਅਤੇ ਵੱਡੇ ਸ਼ਹਿਰਾਂ ਨੂੰ ਨੁਮਾਇੰਦਗੀ ਦੇਣ ਲਈ ਕਦਮ ਉਠਾ ਸਕਦੇ ਹਨ। ਸ਼ਨੀਵਾਰ ਹੋਏ ਕੈਬਨਿਟ ਵਿਸਤਾਰ ਵੱਲ ਸਮੁੱਚੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਕੈਬਨਿਟ ਵਿਸਤਾਰ ਤੋਂ ਬਾਅਦ ਹੁਣ ਇਨ੍ਹਾਂ ਨਵੇਂ ਮੰਤਰੀਆਂ ਨੂੰ ਸਰਕਾਰੀ ਮਹਿਕਮਿਆਂ ਦੀ ਵੰਡ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri